ਨਵੀਂ ਦਿੱਲੀ, 25 ਅਕਤੂਬਰ
ਸੁਪਰੀਮ ਕੋਰਟ ਨੇ ਸੱਤ ਪੋਸਟਗ੍ਰੈਜੂਏਟ ਡੈਂਟਲ ਵਿਦਿਆਰਥੀਆਂ ਦੇ ਦਾਖ਼ਲੇ ਰੱਦ ਕਰ ਦਿੱਤੇ ਹਨ। ਸਿਖ਼ਰਲੀ ਅਦਾਲਤ ਮੁਤਾਬਕ ਇਨ੍ਹਾਂ 2018 ਵਿਚ ਡੈਂਟਲ ਸਾਇੰਸਿਜ਼ ਕੋਰਸ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲਾ ਲਿਆ ਸੀ। ਅਦਾਲਤ ਨੇ ਕਿਹਾ ਕਿ ਪਿਛਲੇ ਦਰਵਾਜ਼ਿਓਂ ਹੋਏ ਦਾਖ਼ਲੇ ਨੂੰ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਸਿਖ਼ਰਲੀ ਅਦਾਲਤ ਨੇ ਕਾਲਜ ਤੇ ਵਿਦਿਆਰਥੀਆਂ ਦੀ ਬੇਨਤੀ ਨੂੰ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕੋਰਸ ਜਾਰੀ ਰੱਖਣ ਜਾਂ ਨਤੀਜੇ ਐਲਾਨੇ ਜਾਣ ਦੀ ਇਜਾਜ਼ਤ ਮੰਗੀ ਸੀ। ਬੈਂਚ ਨੇ ਕਿਹਾ ਕਿ ਹੁਣ ਜਦ ਇਹ ਸਾਹਮਣੇ ਆ ਗਿਆ ਹੈ ਕਿ ਦਾਖਲੇ ਪਿਛਲੇ ਦਰਵਾਜ਼ਿਓਂ ਗੈਰਕਾਨੂੰਨੀ ਢੰਗ ਨਾਲ ਹੋਏ ਸਨ, ਤਾਂ ਅਜਿਹੇ ਵਿਚ ਉਨ੍ਹਾਂ ਨੂੰ ਕੋਰਸ ਜਾਰੀ ਰੱਖਣ ਦੀ ਇਜਾਜ਼ਤ ਦੇਣਾ ਇਸ ਗੈਰਕਾਨੂੰਨੀ ਕੰਮ ਨੂੰ ਜਾਰੀ ਰੱਖਣ ਦੇ ਬਰਾਬਰ ਹੋਵੇਗਾ। ਇਹ ਮਾਮਲਾ ਛੱਤੀਸਗੜ੍ਹ ਦੇ ਇਕ ਡੈਂਟਲ ਕਾਲਜ ਨਾਲ ਸਬੰਧਤ ਹੈ। -ਆਈਏਐੱਨਐੱਸ