ਨਵੀਂ ਦਿੱਲੀ, 2 ਅਗਸਤ
ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਆਫ਼ਿਸਰ-ਇੰਚਾਰਜ ਪ੍ਰਕਾਸ਼ ਕੁਮਾਰ ਗੁਪਤਾ ਨੇ ਰਾਮ ਮੰਦਰ ਅੰਦੋਲਨ ਦੇ ਝੰਡਾਬਰਦਾਰਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਐੱਲ.ਕੇ. ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਨੂੰ ਭੂਮੀ ਪੂਜਨ ’ਤੇ ਨਾ ਸੱਦਣ ਸਬੰਧੀ ਰਿਪੋਰਟਾਂ ਨੂੰ ਮੁੱਢੋਂ ਰੱਦ ਕੀਤਾ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਅਜਿਹੀਆਂ ਖ਼ਬਰਾਂ ਦਾ ਮਕਸਦ ਵਿਵਾਦ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਮੰਦਰ ਅੰਦੋਲਨ ਨਾਲ ਸਬੰਧਤ ਸਾਰੀਆਂ ਅਹਿਮ ਸ਼ਖ਼ਸੀਅਤਾਂ ਨੂੰ ਸੱਦਾ ਭੇਜਿਆ ਗਿਆ ਹੈ। ਆਈਏਐੱਨਐੱਸ ਨਾਲ ਗੱਲਬਾਤ ਦੌਰਾਨ ਸ੍ਰੀ ਗੁਪਤਾ ਨੇ ਕਿਹਾ, ‘‘ਅਡਵਾਨੀ ਜੀ ਤੇ ਜੋਸ਼ੀ ਜੀ ਸਣੇ ਸਾਰੀਆਂ ਅਹਿਮ ਸ਼ਖ਼ਸੀਅਤਾਂ ਨੂੰ ਡਾਕ ਅਤੇ ਟੈਲੀਫੋਨ ਰਾਹੀਂ ਸੱਦਾ ਭੇਜਿਆ ਗਿਆ ਹੈ। ਹੋ ਸਕਦਾ ਹੈ ਕਰੋਨਾਵਾਇਰਸ ਅਤੇ ਸਿਹਤ ਸਬੰਧੀ ਕਾਰਨਾਂ ਕਰ ਕੇ ਕਈ ਮਸ਼ਹੂਰ ਮਹਿਮਾਨ ਭੂਮੀ ਪੂਜਨ ਲਈ ਨਾ ਆ ਸਕਣ। ਹੋ ਸਕਦਾ ਹੈ ਕਿ ਕਈਆਂ ਨੂੰ ਐਨਾ ਲੰਬਾ ਸਫ਼ਰ ਕਰਨ ਵਿਚ ਪ੍ਰੇਸ਼ਾਨੀ ਹੋਵੇ। ਸਾਰੀਆਂ ਅਹਿਮ ਸ਼ਖ਼ਸੀਅਤਾਂ ਨੂੰ ਨਾ ਸੱਦਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਟਰੱਸਟ ਸਾਰਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੈ।’’ ਉਨ੍ਹਾਂ ਕਿਹਾ ਕਿ ਡਾਕ ਰਾਹੀਂ ਭੇਜੇ ਗਏ ਸੱਦਾ ਪੱਤਰਾਂ ਦੀ ਗਾਰੰਟੀ ਨਹੀਂ ਹੈ ਕਿ ਉਹ ਸਮੇਂ ’ਤੇ ਪਹੁੰਚਣ। ਹਾਲਾਂਕਿ ਈ-ਮੇਲ ਜਾਂ ਟੈਲੀਫੋਨ ਰਾਹੀਂ ਸੱਦਾ ਭੇਜਣਾ ਵਧੇਰੇ ਸੁਵਿਧਾਜਨਕ ਹੈ। ਫੋਨ ਰਾਹੀਂ ਦਿੱਤਾ ਗਿਆ ਸੱਦਾ ਇਕ ਨਿੱਜੀ ਸਬੰਧ ਦਾ ਅਹਿਸਾਸ ਦਿੰਦਾ ਹੈ। ਸ੍ਰੀ ਅਡਵਾਨੀ ਤੇ ਸ੍ਰੀ ਜੋਸ਼ੀ ਨੂੰ ਟੈਲੀਫੋਨ ’ਤੇ ਵੀ ਸੱਦਾ ਦਿੱਤਾ ਗਿਆ ਹੈ।
ਦੂਜੇ ਪਾਸੇ, ਜਦੋਂ ਆਈਏਐੱਨਐੱਸ ਵੱਲੋਂ ਨਵੀਂ ਦਿੱਲੀ ਵਿੱਚ ਪ੍ਰਿਥਵੀਰਾਜ ਰੋਡ ’ਤੇ ਸਥਿਤ ਰਿਹਾਇਸ਼ ਵਿਖੇ ਸ੍ਰੀ ਅਡਵਾਨੀ ਨਾਲ ਸੰਪਰਕ ਕੀਤਾ ਗਿਆ ਤਾਂ ਫੋਨ ’ਤੇ ਗੱਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਸ੍ਰੀ ਅਡਵਾਨੀ ਦਾ ਭੂਮੀ ਪੂਜਨ ਜਾਣ ਦਾ ਅਜੇ ਤੱਕ ਕੋਈ ਰਸਮੀ ਪ੍ਰੋਗਰਾਮ ਨਹੀਂ ਹੈ। ਹਾਲਾਂਕਿ, ਉਸ ਵਿਅਕਤੀ ਨੇ ਅਯੁੱਧਿਆ ਤੋਂ ਫੋਨ ਆਉਣ ਦੀ ਗੱਲ ਜ਼ਰੂਰ ਕਬੂਲੀ ਪਰ ਨਾਲ ਹੀ ਇਹ ਵੀ ਕਿਹਾ ਕਿ ਭੂਮੀ ਪੂਜਨ ਬਾਰੇ ਵਧੇਰੇ ਜਾਣਕਾਰੀ ਨਹੀਂ ਹੈ।
ਉੱਧਰ, ਸੀਨੀਅਰ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਦੇ ਇਕ ਸਾਥੀ ਨੇ ਕਿਹਾ, ‘‘ਸ਼ਨਿਚਰਵਾਰ ਤੱਕ ਕੋਈ ਫੋਨ ਨਹੀਂ ਸੀ ਆਇਆ। ਹੋ ਸਕਦਾ ਹੈ ਐਤਵਾਰ ਨੂੰ ਫੋਨ ਆਇਆ ਹੋਵੇ ਪਰ ਮੈਂ ਅੱਜ ਛੁੱਟੀ ’ਤੇ ਹਾਂ, ਇਸ ਵਾਸਤੇ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ।’’ ਦੋਹਾਂ ਭਾਜਪਾ ਆਗੂਆਂ ਦੇ ਨੇੜਲੇ ਸੂਤਰਾਂ ਨੇ ਕਿਹਾ ਕਿ ਕਰੋਨਾਵਾਇਰਸ ਤੇ ਸਿਹਤ ਕਾਰਨਾਂ ਕਰ ਕੇ ਸ੍ਰੀ ਅਡਵਾਨੀ ਤੇ ਸ੍ਰੀ ਜੋਸ਼ੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਭੂਮੀ ਪੂਜਨ ਸਮਾਰੋਹ ’ਚ ਸ਼ਾਮਲ ਹੋ ਸਕਦੇ ਹਨ।
-ਆਈਏਐੱਨਐੱਸ