ਲਖ਼ਨਊ, 20 ਜੁਲਾਈ
ਬਾਬਰੀ ਮਸਜਿਦ ਕੇਸ ਵਿਚ ਸਾਬਕਾ ਉਪ ਪ੍ਰਧਾਨ ਮੰਤਰੀ ਐਲ.ਕੇ. ਅਡਵਾਨੀ 24 ਜੁਲਾਈ ਨੂੰ ਆਪਣਾ ਬਿਆਨ ਦਰਜ ਕਰਵਾਉਣਗੇ। ਵਿਸ਼ੇਸ਼ ਸੀਬੀਆਈ ਅਦਾਲਤ ਨੇ 1992 ਦੇ ਇਸ ਮਾਮਲੇ ਵਿਚ 92 ਸਾਲਾ ਭਾਜਪਾ ਆਗੂ ਨੂੰ ਸੀਆਰਪੀਸੀ ਦੀ ਧਾਰਾ 313 ਤਹਿਤ ਵੀਡੀਓ ਕਾਨਫਰੰਸਿੰਗ ਜ਼ਰੀਏ ਬਿਆਨ ਦਰਜ ਕਰਵਾਉਣ ਲਈ ਕਿਹਾ ਹੈ। ਵਿਸ਼ੇਸ਼ ਜੱਜ ਐੱਸ.ਕੇ. ਯਾਦਵ ਨੇ 23 ਜੁਲਾਈ ਨੂੰ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਦੇ ਬਿਆਨ ਵੀ ਵੀਡੀਓ ਕਾਨਫਰੰਸ ਰਾਹੀਂ ਲੈਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਅਦਾਲਤ 32 ਮੁਲਜ਼ਮਾਂ ਦੇ ਬਿਆਨ ਧਾਰਾ 313 ਤਹਿਤ ਲੈ ਰਹੀ ਹੈ। ਵਿਸ਼ੇਸ਼ ਅਦਾਲਤ ਰੋਜ਼ਾਨਾ ਸੁਣਵਾਈ ਕਰ ਰਹੀ ਹੈ ਕਿਉਂਕਿ ਸੁਪਰੀਮ ਕੋਰਟ ਨੇ 31 ਅਗਸਤ ਤੱਕ ਸੁਣਵਾਈ ਮੁਕੰਮਲ ਕਰਨ ਦੇ ਹੁਕਮ ਦਿੱਤੇ ਸਨ। ਇਨ੍ਹਾਂ ਤੋਂ ਇਲਾਵਾ 22 ਨੂੰ ਸ਼ਿਵ ਸੈਨਾ ਦੇ ਸਾਬਕਾ ਸੰਸਦ ਮੈਂਬਰ ਸਤੀਸ਼ ਪ੍ਰਧਾਨ ਦੇ ਬਿਆਨ ਵੀ ਲਏ ਜਾਣਗੇ। ਅੱਜ ਅਦਾਲਤ ਨੇ ਜੇਲ੍ਹ ’ਚੋਂ ਮੁਲਜ਼ਮ ਸੁਧੀਰ ਕੱਕੜ ਦੇ ਬਿਆਨ ਲਏ। ਕੱਕੜ ਨੇ ਦਾਅਵਾ ਕੀਤਾ ਕਿ ਉਹ ਨਿਰਦੋਸ਼ ਹੈ ਤੇ ਉਸ ਨੂੰ ਕਾਂਗਰਸ ਦੀ ਅਗਵਾਈ ਵਾਲੀ ਤਤਕਾਲੀ ਸਰਕਾਰ ਨੇ ਸਿਆਸੀ ਲਾਭ ਲਈ ਝੂਠਾ ਫਸਾਇਆ ਸੀ। -ਪੀਟੀਆਈ