ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸੱਤ ਜੱਜਾਂ ’ਤੇ ਆਧਾਰਿਤ ਕਮੇਟੀ ਨੇ ਬਾਰ ਆਗੂਆਂ ਨੂੰ ਦੱਸਿਆ ਹੈ ਕਿ ਅਜੇ ਕੇਸਾਂ ਦੀ ਆਮ ਵਾਂਗ ਸੁਣਵਾਈ ਹੋਣਾ ਮੁਸ਼ਕਲ ਹੈ। ਉਹ ਇਸ ਮੁੱਦੇ ’ਤੇ ਦੋ ਹਫ਼ਤਿਆਂ ਬਾਅਦ ਮੁੜ ਵਿਚਾਰ ਕਰਨਗੇ। ਸੁਪਰੀਮ ਕੋਰਟ ਵੱਲੋਂ 25 ਮਾਰਚ ਤੋਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਅਹਿਮ ਕੇਸਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ। ਜਸਟਿਸ ਐੱਨ ਵੀ ਰਮੰਨਾ ਦੀ ਅਗਵਾਈ ਹੇਠਲੀ ਕਮੇਟੀ ਨੇ ਬਾਰ ਕੌਂਸਲ ਦੇ ਚੇਅਰਪਰਸਨ ਮਨਨ ਕੁਮਾਰ ਮਿਸ਼ਰਾ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੁਸ਼ਯੰਤ ਦਵੇ ਅਤੇ ਸ਼ਿਵਾਜੀ ਜਾਧਵ ਨਾਲ ਮੁਲਾਕਾਤ ਕਰ ਕੇ ਇਹ ਜਾਣਕਾਰੀ ਦਿੱਤੀ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਦਵੇ ਨੇ ਦੱਸਿਆ ਕਿ ਮੈਡੀਕਲ ਮਾਹਿਰਾਂ ਦੀ ਸਲਾਹ ’ਤੇ ਸੁਪਰੀਮ ਕੋਰਟ ’ਚ ਅਜੇ ਕੇਸਾਂ ਦੀ ਸੁਣਵਾਈ ਪਹਿਲਾਂ ਵਾਂਗ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਚੀਫ਼ ਜਸਟਿਸ ਦੀ ਅਗਵਾਈ ਹੇਠਲੇ ਬੈਂਚ ਨੇ ਕੋਵਿਡ-19 ਮਹਾਮਾਰੀ ਕਾਰਨ ਸੁਪਰੀਮ ਕੋਰਟ ’ਚ ਕੇਸਾਂ ਦੀ ਨਿਯਮਤ ਸੁਣਵਾਈ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਸੱਤ ਜੱਜਾਂ ’ਤੇ ਆਧਾਰਿਤ ਕਮੇਟੀ ਹਾਲਾਤ ਦੀ ਨਜ਼ਰਸਾਨੀ ਕਰੇਗੀ। -ਪੀਟੀਆਈ