ਨਵੀਂ ਦਿੱਲੀ, 23 ਅਗਸਤ
ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ’ਚ ਬਣੇ ਸੰਕਟ ਵਿਚਾਲੇ ਭਾਰਤ ਵਿਚਲੇ ਵੱਡੀ ਗਿਣਤੀ ਅਫ਼ਗਾਨ ਸ਼ਰਨਾਰਥੀਆਂ ਨੇ ਅੱਜ ਇੱਥੇ ਯੂਨਾਈਟਿਡ ਨੇਸ਼ਨਜ਼ ਹਾਈ ਕਮਿਸ਼ਨਰ ਫਾਰ ਰਿਫਿਊਜੀਜ਼ (ਯੂਐੱਨਐੱਚਸੀਆਰ) ਦਫ਼ਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਅਤੇ ਸੰਯੁਕਤ ਰਾਸ਼ਟਰ ਏਜੰਸੀ ਦੇ ਬਾਹਰ ਬਿਹਤਰ ਮੌਕਿਆਂ ਲਈ ਦੂਜੇ ਦੇਸ਼ਾਂ ਵੱਲ ਪਰਵਾਸ ਕਰਨ ਲਈ ਹਮਾਇਤ ਪੱਤਰ ਜਾਰੀ ਕਰਨ ਦੀ ਮੰਗ ਕੀਤੀ। ਦਿੱਲੀ ਤੇ ਇਸ ਦੇ ਨੇੜੇ ਤੇੜੇ ਦੇ ਸ਼ਹਿਰਾਂ ਤੋਂ ਆਏ ਸੈਂਕੜੇ ਪ੍ਰਦਰਸ਼ਨਕਾਰੀ ਸਵੇਰੇ ਹੀ ਵਸੰਤ ਵਿਹਾਰ ’ਚ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਦਫ਼ਤਰ ਸਾਹਮਣੇ ਇਕੱਠੇ ਹੋਣ ਲੱਗੇ। ਪ੍ਰਦਰਸ਼ਨਕਾਰੀਆਂ ’ਚ ਮਹਿਲਾਵਾਂ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਬੈਨਰ ਫੜੇ ਹੋਏ ਸਨ ਤੇ ਉਨ੍ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ। ਇਹ ਰੋਸ ਮੁਜ਼ਾਹਰਾ ਅਫ਼ਗਾਨ ਸੋਲੀਡੈਰਿਟੀ ਕਮੇਟੀ (ਏਐੱਸਸੀ) ਦੀ ਅਗਵਾਈ ਹੇਠ ਕੀਤਾ ਗਿਆ। ਰੋਸ ਮੁਜ਼ਾਹਰਿਆਂ ਦੀ ਅਗਵਾਈ ਕਰਨ ਵਾਲੇ ਇੱਕ ਵਿਅਕਤੀ ਨੇ ਕਿਹਾ ਰੋਸ ਮੁਜ਼ਾਹਰਾ ਘੱਟ ਤੋਂ ਘੱਟ ਦੋ-ਤਿੰਨ ਦਿਨ ਤੱਕ ਜਾਰੀ ਰਹੇਗਾ। -ਪੀਟੀਆਈ