ਨਵੀਂ ਦਿੱਲੀ, 30 ਦਸੰਬਰ
ਨਾਗਾਲੈਂਡ ਨੂੰ ‘ਗੜਬੜ ਵਾਲਾ ਇਲਾਕਾ’ ਕਰਾਰ ਦਿੰਦਿਆਂ ਉਥੇ ਅਫ਼ਸਪਾ ਛੇ ਹੋਰ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਮੁਤਾਬਕ ਸੂਬੇ ਦੇ ਹਾਲਾਤ ‘ਖ਼ਤਰਨਾਕ’ ਬਣੇ ਹੋਏ ਹਨ ਜਿਸ ਕਾਰਨ ਇਹ ਫ਼ੈਸਲਾ ਲੈਣ ਪਿਆ ਹੈ। ਇਸ ਮਹੀਨੇ ਦੇ ਸ਼ੁਰੂ ’ਚ ਫ਼ੌਜ ਨੇ 14 ਆਮ ਨਾਗਰਿਕਾਂ ਨੂੰ ਅਤਿਵਾਦੀ ਸਮਝ ਕੇ ਗੋਲੀਆਂ ਮਾਰ ਦਿੱਤੀਆਂ ਸਨ ਜਿਸ ਮਗਰੋਂ ਸੂਬੇ ’ਚੋਂ ਅਫ਼ਸਪਾ ਹਟਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਹਥਿਆਰਬੰਦ ਬਲਾਂ (ਵਿਸ਼ੇਸ਼ ਤਾਕਤਾਂ) ਐਕਟ 30 ਦਸੰਬਰ ਤੋਂ ਅਗਲੇ ਛੇ ਮਹੀਨਿਆਂ ਲਈ ਵਧਾਇਆ ਜਾਂਦਾ ਹੈ। ਸੂਬਾ 1958 ਤੋਂ ਹੀ ਵਿਵਾਦਿਤ ਅਫ਼ਸਪਾ ਅਧੀਨ ਹੈ। ਅਫ਼ਸਪਾ ਉਸ ਸਮੇਂ ਵਧਾਇਆ ਗਿਆ ਹੈ ਜਦੋਂ ਤਿੰਨ ਦਿਨ ਪਹਿਲਾਂ ਕੇਂਦਰ ਨੇ ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਵਿਵੇਕ ਜੋਸ਼ੀ ਦੀ ਚੇਅਰਮੈਨਸ਼ਿਪ ਹੇਠ ਉੱਚ ਪੱਧਰੀ ਕਮੇਟੀ ਬਣਾਈ ਹੈ ਜਿਸ ’ਚ ਕੇਂਦਰੀ ਗ੍ਰਹਿ ਮੰਤਰਾਲੇ ’ਚ ਵਧੀਕ ਸਕੱਤਰ ਪਿਯੂਸ਼ ਗੋਇਲ ਮੈਂਬਰ ਸਕੱਤਰ ਹੋਣਗੇ। ਕਮੇਟੀ ਦੇ ਹੋਰ ਮੈਂਬਰਾਂ ’ਚ ਨਾਗਾਲੈਂਡ ਦੇ ਮੁੱਖ ਸਕੱਤਰ, ਡੀਜੀਪੀ ਅਤੇ ਅਸਾਮ ਰਾਈਫਲਜ਼ ਦੇ ਡਾਇਰੈਕਟਰ ਜਨਰਲ ਵੀ ਸ਼ਾਮਲ ਹਨ। ਇਸ ਕਮੇਟੀ ਵੱਲੋਂ ਅਫ਼ਸਪਾ ਹਟਾਉਣ ਬਾਰੇ 45 ਦਿਨਾਂ ’ਚ ਰਿਪੋਰਟ ਸੌਂਪੀ ਜਾਵੇਗੀ। ਨਾਗਾਲੈਂਡ ਦੇ ਲੋਕ ਸੂਬੇ ’ਚੋਂ ਅਫ਼ਸਪਾ ਹਟਾਉਣ ਦੀ ਲਗਾਤਾਰ ਮੰਗ ਕਰਦੇ ਆ ਰਹੇ ਹਨ ਪਰ ਫ਼ੌਜ ਵੱਲੋਂ ਅਤਿਵਾਦੀਆਂ ਦੇ ਭੁਲੇਖੇ ’ਚ ਛੇ ਆਮ ਨਾਗਰਿਕਾਂ ਨੂੰ ਮਾਰ ਮੁਕਾਏ ਜਾਣ ’ਤੇ ਇਸ ਮੰਗ ’ਚ ਹੋਰ ਤੇਜ਼ੀ ਆ ਗਈ ਹੈ। ਨਾਗਾਲੈਂਡ ਸਰਕਾਰ ਨੇ 20 ਦਸੰਬਰ ਨੂੰ ਇਕ ਦਿਨ ਦਾ ਵਿਸ਼ੇਸ਼ ਇਲਜਾਸ ਸੱਦ ਕੇ ਅਫ਼ਸਪਾ ਹਟਾਉਣ ਦੀ ਮੰਗ ਦਾ ਮਤਾ ਵਿਧਾਨ ਸਭਾ ’ਚ ਸਰਬਸੰਮਤੀ ਨਾਲ ਪਾਸ ਕੀਤਾ ਸੀ। -ਪੀਟੀਆਈ
ਕੇਂਦਰ ਨੇ ਉੱਤਰ-ਪੂਰਬ ਦਾ ਮਾਹੌਲ ਵਿਗਾੜਿਆ: ਕਾਂਗਰਸ
ਨਵੀਂ ਦਿੱਲੀ: ਨਾਗਾਲੈਂਡ ’ਚ ਅਫ਼ਸਪਾ ਛੇ ਹੋਰ ਮਹੀਨਿਆਂ ਲਈ ਵਧਾਉਣ ਦੇ ਫ਼ੈਸਲੇ ਮਗਰੋਂ ਕਾਂਗਰਸ ਨੇ ਅੱਜ ਕੇਂਦਰ ਦੀ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਕਿ ਉਸ ਨੇ ਸੱਤਾ ਦੀ ਭੁੱਖ ਕਾਰਨ ਉੱਤਰ-ਪੂਰਬ ਦਾ ਮਾਹੌਲ ਹੋਰ ਵਿਗਾੜ ਦਿੱਤਾ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਉੱਤਰ-ਪੂਰਬ ਦੇ ਹਾਲਾਤ ਖ਼ਰਾਬ ਹੋ ਗਏ ਹਨ ਤੇ ਉਥੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਹਫ਼ੜਾ-ਦਫ਼ੜੀ ਦਾ ਮਾਹੌਲ ਹੈ। -ਆਈਏਐਨਐਸ
ਨਾਗਾ ਜਥੇਬੰਦੀਆਂ ਵੱਲੋਂ ਅਫ਼ਸਪਾ ਵਧਾਉਣ ਦੀ ਨਿਖੇਧੀ
ਕੋਹਿਮਾ: ਕੇਂਦਰ ਵੱਲੋਂ ਨਾਗਾਲੈਂਡ ’ਚ ਅਫ਼ਸਪਾ ਛੇ ਮਹੀਨੇ ਹੋਰ ਵਧਾਉਣ ਦੇ ਫ਼ੈਸਲੇ ਦੀ ਨਾਗਾ ਜਥੇਬੰਦੀਆਂ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੈ ਸਰਕਾਰ ਦਾ ਇਰਾਦਾ ਨਾਗਿਆਂ ਦੀਆਂ ਆਉਂਦੀਆਂ ਪੀੜ੍ਹੀਆਂ ਦਾ ਦਮਨ ਕਰਨਾ ਹੈ। ਨਾਗਾ ਹੋਹੋ ਦੇ ਜਨਰਲ ਸਕੱਤਰ ਕੇ ਈਲੂ ਨਡਾਂਗ ਨੇ ਕਿਹਾ,‘‘ਭਾਰਤ ਸਰਕਾਰ ਨੇ ਨਾਗਾ ਲੋਕਾਂ ਦੀਆਂ ਖਾਹਿਸ਼ਾਂ ਨੂੰ ਅਣਗੌਲਿਆ ਕਰ ਦਿੱਤਾ ਹੈ। ਅਸੀਂ ਇਹ ਸਵੀਕਾਰ ਨਹੀਂ ਕਰਾਂਗੇ। ਅਸੀਂ ਐਕਟ ਹਟਾਉਣ ਲਈ ਭਾਰਤ ਸਰਕਾਰ ’ਤੇ ਦਬਾਅ ਪਾਉਣ ਵਾਸਤੇ ਕਿਸੇ ਵੀ ਹੱਦ ਤੱਕ ਜਾਵਾਂਗੇ।’’ ਉਨ੍ਹਾਂ ਅਫ਼ਸਪਾ ਵਧਾਉਣ ’ਤੇ ਹੈਰਾਨੀ ਜਤਾਉਂਦਿਆਂ ਦਾਅਵਾ ਕੀਤਾ ਕਿ ਨਾਗਾਲੈਂਡ ’ਚ ਸ਼ਾਂਤੀ ਦਾ ਮਾਹੌਲ ਹੈ। ਈਸਟਰਨ ਨਾਗਾਲੈਂਡ ਪੀਪਲਜ਼ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਆਰ ਤਸਾਪੀਕਿਊ ਸੰਗਤਾਮ ਨੇ ਕਿਹਾ ਕਿ ਅਫ਼ਸਪਾ ’ਚ ਵਾਧੇ ’ਤੇ ਵਿਚਾਰ ਲਈ ਉਨ੍ਹਾਂ ਜਥੇਬੰਦੀ ਦੀ 7 ਜਨਵਰੀ ਨੂੰ ਮੀਟਿੰਗ ਸੱਦੀ ਹੈ। -ਪੀਟੀਆਈ
ਨਾਗਾਲੈਂਡ ਗੋਲੀਬਾਰੀ: ਜਾਂਚ ਟੀਮ ਵੱਲੋਂ ਫੌਜੀਆਂ ਤੋਂ ਪੁੱਛ ਪੜਤਾਲ
ਡਬਿਰੂਗੜ੍ਹ/ਕੋਹਿਮਾ: ਮੌਨ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਵੱਲੋਂ ਚਲਾਈ ਗੋਲੀ ਨਾਲ 14 ਆਮ ਨਾਗਰਿਕਾਂ ਦੀ ਮੌਤ ਹੋਣ ਦੀ ਘਟਨਾ ਦੀ ਜਾਂਚ ਲਈ ਨਾਗਾਲੈਂਡ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਅੱਜ ਭਾਰਤੀ ਫੌਜ ਦੀ 21 ਪੈਰਾ ਵਿਸ਼ੇਸ਼ ਫੋਰਸ ਦੇ ਜਵਾਨਾਂ ਤੋਂ ਪੁੱਛ ਪੜਤਾਲ ਕੀਤੀ। ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਕਿਸੇ ਸਿਵਲ ਸਰਕਾਰ ਵੱਲੋਂ ਬਣਾਈ ਗਈ ਜਾਂਚ ਟੀਮ ਨੇ ਭਾਰਤੀ ਫੌਜ ਦੀ ਕਿਸੇ ਇਕਾਈ ਤੋਂ ਪੁੱਛ ਪੜਤਾਲ ਕੀਤੀ ਹੋਵੇ। ਸੂਤਰਾਂ ਨੇ ਦੱਸਿਆ ਕਿ 22 ਮੈਂਬਰੀ ਜਾਂਚ ਟੀਮ ਨੇ ਅੱਜ ਅਸਾਮ ਦੇ ਜੋਰਹਾਟ ਜ਼ਿਲ੍ਹੇ ਦੀ ਮੀਂਹ ਜੰਗਲਾਤ ਖੋਜ ਸੰਸਥਾ (ਆਰਐੱਆਰਆਈ) ’ਚ ਭਾਰਤੀ ਫੌਜ ਦੇ ਜਵਾਨਾਂ ਤੋਂ ਪੁੱਛ-ਪੜਤਾਲ ਕੀਤੀ। ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਨਾਗਾਲੈਂਡ ਦੇ ਏਡੀਜੀਪੀ ਸੰਦੀਪ ਐੱਮ ਤਮਗਾਡਗੇ ਨੇ ਕੀਤੀ ਤੇ ਪੁੱਛ-ਪੜਤਾਲ ਦੇਰ ਸ਼ਾਮ ਤੱਕ ਚੱਲੀ। -ਪੀਟੀਆਈ