ਮਾਨਸਬਲ (ਜੰਮੂ ਕਸ਼ਮੀਰ), 14 ਸਤੰਬਰ
ਭਾਰਤੀ ਜਲ ਸੈਨਾ ਨੇ ਜੰਮੂ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਵਿੱਚ ਸਥਿਤ ਮਾਨਸਬਲ ਝੀਲ ’ਚ ਆਪਣੇ ਸਿਖਲਾਈ ਖੇਤਰ ਨੂੰ 33 ਸਾਲਾਂ ਬਾਅਦ ਮੁੜ ਸ਼ੁਰੂ ਕੀਤਾ ਹੈ। ਤਤਕਾਲੀ ਸੂਬੇ ਵਿੱਚ ਅਤਿਵਾਦ ਸ਼ੁਰੂ ਹੋਣ ਤੋਂ ਬਾਅਦ ਇਸ ਕੇਂਦਰ ਨੂੰ ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਕੌਮੀ ਕੈਡਿਟ ਕੋਰ (ਐੱਨਸੀਸੀ) ਦੀ ਜਲ ਸੈਨਾ ਸਿਖਲਾਈ ਲਈ ਮਾਨਸਬਲ ਝੀਲ ਦੀ ਸੁਵਿਧਾ ਬਣਾਈ ਗਈ ਸੀ। ਹਾਲਾਂਕਿ, ਸੁਰੱਖਿਆ ਸਥਿਤੀ ਖਰਾਬ ਹੋਣ ਕਾਰਨ 1989 ਵਿੱਚ ਇਸ ਨੂੰ ਛੱਡਣਾ ਪਿਆ ਅਤੇ ਸਿਖਲਾਈ ਕੇਂਦਰ ਨੂੰ ਜੰਮੂ ਵਿੱਚ ਮਾਨਸਰ ਝੀਲ ’ਚ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਸ਼ਮੀਰ ਵਿੱਚ ਸੁਰੱਖਿਆ ਦੀ ਸਥਿਤੀ ’ਚ ਸੁਧਾਰ ਨਾਲ, 33 ਸਾਲਾਂ ਬਾਅਦ ਜਲ ਸੈਨਾ ਸਿਖਲਾਈ ਖੇਤਰ ਮੁੜ ਸ਼ੁਰੂ ਕੀਤਾ ਗਿਆ ਹੈ। -ਪੀਟੀਆਈ