ਬਾਂਦਾ(ਉੱਤਰ ਪ੍ਰਦੇਸ਼), 7 ਅਪਰੈਲ
ਕਰੀਬ ਦੋ ਵਰ੍ਹੇ ਪੰਜਾਬ ਦੀ ਜੇਲ੍ਹ ਵਿੱਚ ਗੁਜ਼ਾਰਨ ਬਾਅਦ ਬਸਪਾ ਵਿਧਾਇਕ ਅਤੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਪੁਲੀਸ ਨੇ ਬੁੱਧਵਾਰ ਤੜਕੇ ਸਖ਼ਤ ਸੁਰੱਖਿਆ ਹੇਠ ਬੁਦੇਲਖੰਡ ਦੀ ਬਾਂਦਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ। ਉਧਰ, ਲਖਨਊ ਵਿੱਚ ਐੱਮਪੀ-ਐੱਮਐੱਲਏ(ਸੰਸਦ ਮੈਂਬਰ-ਵਿਧਾਇਕ) ਦੀ ਵਿਸ਼ੇਸ਼ ਅਦਾਲਤ ਨੇ 12 ਅਪਰੈਲ ਨੂੰ ਮੁਲਜ਼ਮ ਮੁਖਤਾਰ ਅੰਸਾਰੀ ਨੂੰ ਸਾਲ 2000 ਵਿੱਚ ਜੇਲ੍ਹ ਅਧਿਕਾਰੀਆਂ ’ਤੇ ਹਮਲਾ ਕਰਨ, ਜੇਲ੍ਹ ਵਿੱਚ ਪੱਥਰਬਾਜ਼ੀ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਦੋਸ਼ ਆਇਦ ਕਰਨ ਲਈ ਨਿਜੀ ਤੌਰ ’ਤੇ ਸੰਮਨ ਕੀਤਾ ਹੈ। ਦੂਜੇ ਪਾਸੇ ਮੁਖਤਾਰ ਅੰਸਾਰੀ ਦੇ ਵੱਡੇ ਭਰਾ ਅਤੇ ਗਾਜ਼ੀਪੁਰ ਤੋਂ ਬਸਪਾ ਸੰਸਦ ਮੈਂਬਰ ਅਫਜ਼ਲ ਅੰਸਾਰੀ ਨੇ ਪੰਜਾਬ ਦੀ ਰੋਪੜ ਜੇਲ੍ਹ ਤੋਂ ਬਾਂਦਾ ਲਿਆਏ ਜਾਣ ਸਮੇਂ ਮੁਖਤਾਰ ਅੰਸਾਰੀ ਨਾਲ ਗੈਰਮਨੁੱਖੀ ਵਿਹਾਰ ਕਰਨ ਦਾ ਦੋਸ਼ ਲਾਇਆ ਹੈ। ਪੰਜਾਬ ਦੇ ਰੂਪਨਗਰ ਦੀ ਰੋਪੜ ਜੇਲ੍ਹ ਤੋਂ ਮੁਖਤਾਰ ਅੰਸਾਰੀ ਨੂੰ ਲੇੈ ਕੇ ਆਏ ਸੁਰੱਖਿਆ ਮੁਲਾਜ਼ਮਾਂ ਨੇ 900 ਕਿਲੋਮੀਟਰ ਦਾ ਸਫਰ 14 ਘੰਟਿਆਂ ਵਿੱਚ ਤੈਅ ਕੀਤਾ। ਬਾਂਦਾ ਜੇਲ੍ਹ ਨੂੰ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਹੈ। ਮੁਖਤਾਰ ਅੰਸਾਰੀ ਨੂੰ ਲੈ ਕੇ ਯੂਪੀ ਪੁਲੀਸ ਦੇ ਵਾਹਨ ਸਵੇਰੇ 4 ਵਜੇ ਬਾਂਦਾ ਜੇਲ੍ਹ ਵਿੱਚ ਦਾਖਲ ਹੋਏ। -ਏਜੰਸੀ