ਨਵੀਂ ਦਿੱਲੀ: ਅਭਿਨੇਤਰੀ ਜੈਕਲੀਨ ਫਰਨਾਂਡੇਜ਼ ਤੋਂ ਅੱਜ ਕਈ ਘੰਟਿਆਂ ਤੱਕ ਪੁੱਛਗਿੱਛ ਕਰਨ ਤੋਂ ਬਾਅਦ ਹੁਣ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਬੌਲੀਵੁੱਡ ਹਸਤੀ ਨੋਰਾ ਫਤੇਹੀ ਨੂੰ ਭਲਕੇ ਪੁੱਛਗਿੱਛ ਲਈ ਤਲਬ ਕੀਤਾ ਹੈ। ਫਤੇਹੀ ਤੋਂ ਪਹਿਲਾਂ ਵੀ ਪੁੱਛਗਿੱਛ ਕੀਤੀ ਗਈ ਸੀ। ਇਹ ਕੇਸ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ ਹੈ ਜਿਸ ’ਤੇ 200 ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਅਤੇ ਧੋਖਾਧੜੀ ਦੇ ਦੋਸ਼ ਹਨ। ਚੰਦਰਸ਼ੇਖਰ ਇਸ ਵੇਲੇ ਜੇਲ੍ਹ ਵਿਚ ਹੈ। ਨੋਰਾ ਨੂੰ ਇਸ ਤੋਂ ਪਹਿਲਾਂ ਸਤੰਬਰ ਦੇ ਪਹਿਲੇ ਹਫ਼ਤੇ ਸੱਦਿਆ ਗਿਆ ਸੀ। ਜੈਕਲੀਨ ਅੱਜ ਸਵੇਰੇ 11 ਵਜੇ ਅਪਰਾਧ ਸ਼ਾਖਾ ਦੇ ਦਫ਼ਤਰ ਪਹੁੰਚੀ ਤੇ ਉਸ ਨੂੰ ਸ਼ਾਮ ਅੱਠ ਵਜੇ ਜਾਣ ਦਿੱਤਾ ਗਿਆ। ਅੱਜ ਜੈਕਲੀਨ ਨੂੰ ਇਕ ਹੋਰ ਮੁਲਜ਼ਮ ਪਿੰਕੀ ਇਰਾਨੀ ਅੱਗੇ ਬਿਠਾ ਕੇ ਪੁੱਛਗਿੱਛ ਕੀਤੀ ਗਈ। -ਆਈਏਐਨਐੱਸ