ਨਵੀਂ ਦਿੱਲੀ, 21 ਅਗਸਤ
ਸ੍ਰੀ ਰਾਹੁਲ ਗਾਂਧੀ ਵੱਲੋਂ ਪਾਰਟੀ ਵਿਚ ਕੋਈ ਅਹੁਦਾ ਨਾ ਰੱਖਣ ਦੇ ਆਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਪਾਰਟੀ ਨਵੇਂ ਪ੍ਰਧਾਨ ਸਬੰਧੀ ਕਈ ਨਾਵਾਂ ‘ਤੇ ਵਿਚਾਰ ਕਰ ਰਹੀ ਹੈ। ਪਾਰਟੀ ’ਚ ਗਾਂਧੀ ਪਰਿਵਾਰ ਦੇ ਵਫ਼ਾਦਾਰਾਂ ਵਿੱਚ ਅੰਬਿਕਾ ਸੋਨੀ, ਮੁਕੁਲ ਵਾਸਨਿਕ ਅਤੇ ਕੁਮਾਰੀ ਸ਼ੈਲਜਾ ਇਸ ਅਹੁਦੇ ਲਈ ਵਿਚਾਰੇ ਜਾ ਰਹੇ ਹਨ। ਹਾਲਾਂਕਿ ਪਾਰਟੀ ਨੂੰ ਹਾਲੇ ਉਮੀਦ ਹੈ ਕਿ ਬੁਰੇ ਦੌਰ ’ਚੋਂ ਲੰਘ ਰਹੀ ਕਾਂਗਰਸ ਦੀ ਰਾਹੁਲ ਗਾਂਧੀ ਅਗਵਾਈ ਕਰਨਗੇ। ਕੁਝ ਲੋਕ ਪ੍ਰਿਯੰਕਾ ਗਾਂਧੀ ਵਾਡਰਾ ਦਾ ਨਾਂ ਵੀ ਲੈ ਰਹੇ ਹਨ ਪਰ ਇਸ ਬਾਰੇ ਕੋਈ ਸਥਿਤੀ ਸਪੱਸ਼ਟ ਨਹੀਂ ਹੈ ਕਿਉਂਕਿ ਉਨ੍ਹਾਂ ’ਤੇ ਉੱਤਰ ਪ੍ਰਦੇਸ਼ ਦੀ ਸਖ਼ਤ ਜ਼ਿੰਮੇਵਾਰੀਹੈ, ਜਿੱਥੇ ਪਾਰਟੀ ਦੀ ਕਾਰਗੁਜ਼ਾਰੀ ਸਿਫ਼ਰ ਹੈ। ਨਾਲ ਹੀ ਕਾਂਗਰਸ ਸੋਨੀਆ ਗਾਂਧੀ ਨੂੰ ਪਾਰਟੀ ਦੇ ਪ੍ਰਧਾਨ ਵਜੋਂ ਦੇਖ ਰਹੀ ਹੈ ਤੇ ਹਰੇਕ ਜ਼ੋਨ ਲਈ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਲਈ ਯੋਜਨਾ ਤਿਆਰ ਕਰ ਰਹੀ ਹੈ। ਪ੍ਰਧਾਨਗੀ ਲਈ ਸੋਨੀਆ ਗਾਂਧੀ ਦੇ ਵਫ਼ਾਦਾਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦਾ ਨਾਮ ਵੀ ਵਿਚਾਰ ਅਧੀਨ ਹੈ। ਸੂਤਰਾਂ ਮੁਤਾਬਕ ਸ੍ਰੀ ਗਹਿਲੋਤ ਨੇ ਕਥਿਤ ਤੌਰ ‘ਤੇ ਉੱਚ ਅਹੁਦੇ ਤੋਂ ਇਨਕਾਰ ਕੀਤਾ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਵਜੋਂ ਅਹੁਦਾ ਸੰਭਾਲਣਾ ਚਾਹੀਦਾ ਹੈ। ਕਾਂਗਰਸ ਦਾ ਚੋਣ ਪ੍ਰੋਗਰਾਮ ਅੱਜ 21 ਅਗਸਤ ਤੋਂ ਸ਼ੁਰੂ ਹੋਣਾ ਸੀ ਪਰ ਹਾਲੇ ਤੱਕ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਨਹੀਂ ਬੁਲਾਈ ਗਈ। ਸੂਤਰਾਂ ਦਾ ਕਹਿਣਾ ਹੈ ਕਿ ਸੀਡਬਲਿਊਸੀ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ ਕਿਉਂਕਿ ਉਹ ਪਹਿਲਾਂ ਹੀ ਆਪਣੀ ਮਨਜ਼ੂਰੀ ਦੇ ਚੁੱਕੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਚੋਣ ਨਿਰਧਾਰਤ ਸਮੇਂ ‘ਤੇ ਹੋਵੇਗੀ। ਅਨੁਸੂਚਿਤ ਜਾਤੀ ਦੇ ਕੁਝ ਨੇਤਾ ਜਿਨ੍ਹਾਂ ਨੂੰ ਉੱਚ ਅਹੁਦਾ ਦਿੱਤਾ ਜਾ ਸਕਦਾ ਹੈ, ਉਨ੍ਹਾਂ ਵਿੱਚ ਸੁਸ਼ੀਲ ਕੁਮਾਰ ਸ਼ਿੰਦੇ, ਮੱਲਿਕਾਰਜੁਨ ਖੜਗੇ ਅਤੇ ਮੀਰਾ ਕੁਮਾਰ ਸ਼ਾਮਲ ਹਨ। ਖੜਗੇ ਰਾਹੁਲ ਗਾਂਧੀ ਦੇ ਭਰੋਸੇਮੰਦ ਹਨ ਅਤੇ ਕਰਨਾਟਕ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਹਾਲਾਂਕਿ ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੂਬਾ ਇਕਾਈਆਂ ਨਾਲ ਮੀਟਿੰਗਾਂ ਦੀ ਲੜੀ ਸ਼ੁਰੂ ਕਰ ਦਿੱਤੀ ਹੈ। ਉਹ ਆਮ ਚੋਣਾਂ ਤੋਂ ਪਹਿਲਾਂ ਦੇਸ਼ ਦੇ ਹਰ ਜ਼ਿਲ੍ਹੇ ਦਾ ਦੌਰਾ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ। ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾਣਾ ਹੈ। ਰਾਹੁਲ ਗਾਂਧੀ ਵੱਲੋਂ ਗੈਰ-ਗਾਂਧੀ ਨੂੰ ਅਹੁਦਾ ਸੰਭਾਲਣ ਦੀ ਜ਼ਿੱਦ ਨੇ ਪਾਰਟੀ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ। ਉਨ੍ਹਾਂ ਦੇ ਨਜ਼ਦੀਕੀ ਆਗੂ ਉਨ੍ਹਾਂ ਨੂੰ ਮੁੜ ਅਹੁਦਾ ਸੰਭਾਲਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।