ਟ੍ਰਿਬਿਊਨ ਨਿਊਜ਼ ਸਰਵਿਸ
ਸ੍ਰੀਨਗਰ, 6 ਅਪਰੈਲ
ਕਸ਼ਮੀਰ ਵਿਚ ਅਤਿਵਾਦੀਆਂ ਨੇ ਗੈਰ-ਸਥਾਨਕ ਵਰਕਰਾਂ ਤੇ ਕਸ਼ਮੀਰੀ ਪੰਡਿਤਾਂ ਉਤੇ ਹਮਲੇ ਤੇਜ਼ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਬਾਹਰਲੇ ਸੂਬਿਆਂ ਦੇ ਚਾਰ ਕਾਮਿਆਂ ਤੇ ਇਕ ਕਸ਼ਮੀਰੀ ਪੰਡਿਤ ਨੂੰ ਹਾਲ ਹੀ ਵਿਚ ਅਤਿਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਵਰਕਰਾਂ ਦੇ ਗੋਲੀਆਂ ਪੇਟ ਤੋਂ ਹੇਠਾਂ ਜਦਕਿ ਕਸ਼ਮੀਰੀ ਪੰਡਿਤ ਦੇ ਛਾਤੀ ਵਿਚ ਮਾਰੀਆਂ ਗਈਆਂ ਸਨ। ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਹੁਣ ਅਤਿਵਾਦੀ ਬਾਹਰਲੇ ਸੂਬਿਆਂ ਦੇ ਲੋਕਾਂ ਦੀਆਂ ਲੱਤਾਂ ਵਿਚ ਗੋਲੀਆਂ ਮਾਰ ਰਹੇ ਹਨ ਜਦਕਿ ਪਿਛਲੇ ਸਾਲ ਉਨ੍ਹਾਂ ਦੀਆਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਸਨ। ਹਾਲਾਂਕਿ ਜ਼ਿਆਦਾਤਰ ਮਾਮਲਿਆਂ ਵਿਚ ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਇਨ੍ਹਾਂ ਹਮਲਿਆਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੁਣ ਕਸ਼ਮੀਰ ਛੱਡਣ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਚਾਰ ਅਪਰੈਲ ਨੂੰ ਕਸ਼ਮੀਰੀ ਪੰਡਿਤ ਬਾਲ ਕ੍ਰਿਸ਼ਨ ਉਤੇ ਹੋਏ ਹਮਲੇ ਤੋਂ ਬਾਅਦ ਪ੍ਰਸ਼ਾਸਨ ਹੁਣ ਚੋਟੀਗਾਮ (ਸ਼ੋਪੀਆਂ) ਦੇ ਦੋ ਪੰਡਿਤ ਪਰਿਵਾਰਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ।