ਨਵੀਂ ਦਿੱਲੀ, 12 ਦਸੰਬਰ
ਇਕ ਪਾਸੇ ਜਦੋਂ ਖੇਤੀਬਾੜੀ ਦੇ ਨਵੇਂ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਵਿਰੋਧ 17ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਤਾਂ ਦੂਜੇ ਪਾਸੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਅੱਜ ਕਿਹਾ ਹੈ ਕਿ ਇਹ ਹੁਣ ਕਿਸਾਨ ਅੰਦੋਲਨ ਨਹੀਂ ਰਿਹਾ ਕਿਉਂਕਿ ਇਸ ਵਿੱਚ “ਖੱਬੇਪੱਖੀ ਅਤੇ ਮਾਓਵਾਦੀ ਅਨਸਰਾਂ ਨੇ ਘੁਸਪੈਠ ਕਰ ਲਈ ਹੈ ਤੇ ਇਹ ਅਨਸਰ ਦੇਸ਼ ਵਿਰੋਧੀ ਗਤੀਵਿਧੀਆਂ ਲਈ ਸਲਾਖਾਂ ਪਿੱਛੇ ਲੋਕਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਸਰਕਾਰ ਦੁਆਰਾ ਲਿਆਂਦੇ ਖੇਤੀਬਾੜੀ ਸੁਧਾਰਾਂ ਨੂੰ ਲੀਹੋ ਲਾਹੁਣ ਲਈ ਜੋ ਕੁੱਝ ਕੀਤਾ ਜਾ ਰਿਹਾ ਹੈ ਉਸ ਤੋਂ ਸਾਫ਼ ਹੈ ਕਿ ਇਹ ਹੁਣ ਕਿਸਾਨ ਅੰਦੋਲਨ ਨਹੀਂ ਰਹਿ ਗਿਆ। ਸ੍ਰੀ ਗੋਇਲ ਨੇ ਹਾਲਾਂਕਿ ਇਹ ਨਹੀਂ ਕਿਹਾ ਕਿ ਸਰਕਾਰ ਵਿਰੋਧ ਪ੍ਰਦਰਸ਼ਨਾਂ ਦੌਰਾਨ ਵੇਖੇ ਗਏ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ ਕਿਸੇ ਵੀ ਵਿਅਕਤੀ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਤਿਆਰੀ ਹੈ ਜਾਂ ਨਹੀਂ। ਰੇਲਵੇ, ਵਣਜ ਅਤੇ ਉਦਯੋਗ ਅਤੇ ਖੁਰਾਕ ਅਤੇ ਖਪਤਕਾਰਾਂ ਦੇ ਮਾਮਲਿਆਂ ਬਾਰੇ ਮੰਤਰੀ ਸ੍ਰੀ ਗੋਇਲ ਨੇ ਫਿਕੀ ਦੀ ਸਾਲਾਨਾ ਬੈਠਕ ਵਿੱਚ ਇਹ ਗੱਲ ਕਹੀ।