ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦਾਅਵਾ ਕੀਤਾ ਕਿ 26 ਗੈਰ-ਭਾਜਪਾ ਪਾਰਟੀਆਂ ਵੱਲੋਂ ‘ਇੰਡੀਆ’ ਨਾਂ ਦਾ ਗੱਠਜੋੜ ਬਣਾਉਣ ਦੇ ਕੀਤੇ ਐਲਾਨ ਮਗਰੋਂ ਭਾਜਪਾ ਡਰ ਨਾਲ ਕੰਬਣ ਲੱਗੀ ਹੈ। ਭਾਜਪਾ ਦੇ ਇਸ ਦਾਅਵੇ ਕਿ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਸਰਕਰ ਅਗਲੇ ਪੰਜ ਮਹੀਨਿਆਂ ਵਿਚ ਡਿੱਗ ਜਾਵੇਗੀ, ਦੇ ਹਵਾਲੇ ਨਾਲ ਬੈਨਰਜੀ ਨੇ ਕਿਹਾ, ‘‘ਭਾਜਪਾ ਦਾ ਇਕੋ ਕੰਮ ਹੈ ਧਰਮ ਦੇ ਅਧਾਰ ’ਤੇ ਗੜਬੜੀ ਤੇ ਹਿੰਸਾ ਫੈਲਾਉਣਾ ਅਤੇ ਲੋਕਾਂ ਵਿਚ ਵੰਡੀਆਂ ਪਾਉਣਾ। ਉਨ੍ਹਾਂ ਨੂੰ ਫੈਸਲਾਕੁਨ ਜਵਾਬ ਦਿੱਤਾ ਜਾਵੇਗਾ। ਲੋਕ ਉਨ੍ਹਾਂ (ਭਾਜਪਾ) ਖਿਲਾਫ਼ ਵੋਟਾਂ ਪਾ ਕੇ ਬਦਲਾ ਲੈਣਗੇ। ‘ਇੰਡੀਆ’ ਇਸ ਲੜਾਈ ਦਾ ਟਾਕਰਾ ਕਰੇਗਾ।’’ ਉਧਰ ਟੀਐੱਮਸੀ ਦੇ ਸੰਸਦ ਮੈਂਬਰ ਡੈਰੇਕ ਓਬ੍ਰਾਇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ‘ਮਨ ਕੀ ਬਾਤ’ ਬਹੁਤ ਹੋ ਗਈ, ਹੁਣ ਸੰਸਦ ਵਿੱਚ ‘ਮਨੀਪੁਰ ਕੀ ਬਾਤ’ ਕਰਨ ਦਾ ਵੇਲਾ ਹੈ। ਓਬ੍ਰਾਇਨ ਨੇ ਇਕ ਟਵੀਟ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕ੍ਰਿਪਾ ਕਰਕੇ ਸੰਸਦ ਵਿੱਚ ਆਓ ਤੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਬੋਲੋ। ਮਨ ਕੀ ਬਾਤ ਬਹੁਤ ਹੋ ਗਈ। ਮਨੀਪੁਰ ਕੀ ਬਾਤ ਦਾ ਸਮਾਂ ਹੈ। ਜਾਂ ਫਿਰ ਸ੍ਰੀਮਾਨ ਪੀਐੱਮ ਅਜੇ ਵੀ ਸਦਨ ’ਚੋਂ ਦੂਰ ਰਹਿਣਗੇ ਤੇ ਪੂਰੇ ਮੌਨਸੂਨ ਇਜਲਾਸ ਦੀ ਕਾਰਵਾਈ ’ਚ ਵਿਘਨ ਪਾਉਣਗੇੇ।’’ -ਪੀਟੀਆਈ