ਨਵੀਂ ਦਿੱਲੀ, 3 ਅਕਤੂਬਰ
ਮੁੱਖ ਅੰਸ਼
- ਜਹਾਜ਼ ਨੂੰ ਜੋਧਪੁਰ ਅਤੇ ਚੰਡੀਗੜ੍ਹ ’ਚ ਉਤਾਰਨ ਦੀ ਕੀਤੀ ਗਈ ਸੀ ਪੇਸ਼ਕਸ਼
- ਬਾਅਦ ’ਚ ਜਹਾਜ਼ ਚੀਨ ’ਚ ਸੁਰੱਖਿਅਤ ਉਤਰਿਆ
ਭਾਰਤੀ ਹਵਾਈ ਖੇਤਰ ’ਚ ਦਾਖ਼ਲ ਹੋਏ ਇਰਾਨੀ ਜਹਾਜ਼ ’ਚ ਬੰਬ ਦੀ ਸੂਚਨਾ ਮਿਲਣ ਮਗਰੋਂ ਭਾਰਤੀ ਹਵਾਈ ਸੈਨਾ ਦੇ ਸੁਖੋਈ ਜੈੱਟਾਂ ਨੇ ਉਸ ਦਾ ਪਿੱਛਾ ਕੀਤਾ। ਭਾਰਤੀ ਹਵਾਈ ਸੈਨਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਚੀਨ ਜਾ ਰਹੇ ਇਰਾਨੀ ਜਹਾਜ਼ ’ਚ ਬੰਬ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਜਹਾਜ਼ ਨੂੰ ਜੈਪੁਰ ਜਾਂ ਚੰਡੀਗੜ੍ਹ ’ਚ ਉਤਾਰਨ ਦੀ ਪੇਸ਼ਕਸ਼ ਕੀਤੀ ਪਰ ਜਹਾਜ਼ ਦੇ ਪਾਇਲਟਾਂ ਨੇ ਇਸ ਨੂੰ ਉਤਾਰਨ ਤੋਂ ਇਨਕਾਰ ਕਰ ਦਿੱਤਾ। ਏਅਰ ਟਰੈਫਿਕ ਕੰਟਰੋਲ (ਏਟੀਸੀ) ਸੂਤਰਾਂ ਮੁਤਾਬਕ ਮਹਾਨ ਏਅਰ ਉਡਾਣ ਡਬਲਿਊ581 ਤਹਿਰਾਨ ਤੋਂ ਚੀਨ ਦੇ ਗੁਆਂਗਜ਼ੂ ਵੱਲ ਜਾ ਰਹੀ ਸੀ ਤਾਂ ਉਸ ’ਚ ਅਲਰਟ ਐਲਾਨਿਆ ਗਿਆ ਸੀ। ਸੂਤਰਾਂ ਨੇ ਕਿਹਾ,‘‘ਭਾਰਤੀ ਹਵਾਈ ਸੈਨਾ ਦੇ ਲੜਾਕੂ ਜੈੱਟਾਂ ਨੇ ਕੁਝ ਦੂਰੀ ਤੱਕ ਜਹਾਜ਼ ਦਾ ਪਿੱਛਾ ਕੀਤਾ। ਜਹਾਜ਼ ਨੂੰ ਪਹਿਲਾਂ ਜੈਪੁਰ ਅਤੇ ਫਿਰ ਚੰਡੀਗੜ੍ਹ ’ਚ ਉਤਰਨ ਦੀ ਪੇਸ਼ਕਸ਼ ਦਿੱਤੀ ਗਈ। ਪਾਇਲਟ ਨੇ ਦੋਵੇਂ ਹਵਾਈ ਅੱਡਿਆਂ ’ਤੇ ਇਸ ਨੂੰ ਉਤਾਰਨ ’ਚ ਦਿਲਚਸਪੀ ਨਾ ਦਿਖਾਈ। ਕੁਝ ਸਮੇਂ ਬਾਅਦ ਤਹਿਰਾਨ ਤੋਂ ਜਾਣਕਾਰੀ ਮਿਲੀ ਕਿ ਬੰਬ ਦਾ ਕੋਈ ਖ਼ਤਰਾ ਨਹੀਂ ਹੈ ਜਿਸ ਮਗਰੋਂ ਜਹਾਜ਼ ਆਪਣੇ ਮੁਕਾਮ ਲਈ ਅੱਗੇ ਰਵਾਨਾ ਹੋ ਗਿਆ।’’ ਇਰਾਨੀ ਖ਼ਬਰ ਏਜੰਸੀ ਇਰਨਾ ਨੇ ਮਹਾਨ ਏਅਰ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ ਸੁਰੱਖਿਅਤ ਉਤਰ ਗਿਆ ਹੈ। ਸੂਤਰਾਂ ਨੇ ਕਿਹਾ ਕਿ ਦਿੱਲੀ ਏਟੀਸੀ ਨੇ ਹਵਾਈ ਸੈਨਾ ਨੂੰ ਜਹਾਜ਼ ’ਚ ਬੰਬ ਹੋਣ ਦੀ ਜਾਣਕਾਰੀ ਦਿੱਤੀ ਸੀ ਜਿਸ ਮਗਰੋਂ ਸੁਖੋਈ ਜੈੱਟ ਪਿੱਛੇ ਲਗਾਏ ਗਏ। ਜਾਣਕਾਰੀ ਮੁਤਾਬਕ ਸੁਖੋਈ ਜੈੱਟ ਪੰਜਾਬ ਅਤੇ ਰਾਜਸਥਾਨ ਸਥਿਤ ਹਵਾਈ ਸੈਨਾ ਦੇ ਅੱਡਿਆਂ ਤੋਂ ਇਰਾਨੀ ਜਹਾਜ਼ ਦੇ ਪਿੱਛੇ ਲਗਾਏ ਗਏ ਸਨ। ਜਾਣਕਾਰੀ ਮੁਤਾਬਕ ਦਿੱਲੀ ਏਅਰ ਟਰੈਫਿਕ ਕੰਟਰੋਲ (ਏਟੀਸੀ) ਨੂੰ ਲਾਹੌਰ ਏਟੀਸੀ ਤੋਂ ਮਹਾਨ ਏਅਰ ਫਲਾਈਟ ’ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਦਿੱਲੀ ਏਟੀਸੀ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਦੋ ਫਾਇਰ ਟੈਂਡਰ ਵੀ ਤਾਇਨਾਤ ਕਰ ਦਿੱਤੇ ਸਨ। ਹਵਾਈ ਸੈਨਾ ਨੇ ਕਿਹਾ ਕਿ ਉਨ੍ਹਾਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਨਾਲ ਮਿਲ ਕੇ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ। -ਪੀਟੀਆਈ