ਨਵੀਂ ਦਿੱਲੀ/ਤਿਰੂਵਨੰਤਪੁਰਮ, 20 ਸਤੰਬਰ
ਸੀਨੀਅਰ ਪਾਰਟੀ ਆਗੂਆਂ ਸ਼ਸ਼ੀ ਥਰੂਰ ਤੇ ਅਸ਼ੋਕ ਗਹਿਲੋਤ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਦੋ ਦਹਾਕਿਆਂ ਬਾਅਦ ਮੁਕਾਬਲੇ ਦੇ ਅਸਾਰ ਬਣਨ ਲੱਗੇ ਹਨ। ਹਾਲਾਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਕੋਈ ਉਮੀਦਵਾਰ ਅਚਾਨਕ ਮੁਕਾਬਲੇ ਵਿਚ ਉਤਰਦਾ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਸ਼ਸ਼ੀ ਥਰੂਰ ਨੇ ਸੋਮਵਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਨਵਾਂ ਪ੍ਰਧਾਨ ਚੁਣਨ ਲਈ ਅਗਾਮੀ ਚੋਣ ਯਕੀਨੀ ਤੌਰ ’ਤੇ ਇਤਿਹਾਸਕ ਹੋਵੇਗੀ। ਚੁਣਿਆ ਜਾਣ ਵਾਲਾ ਉਮੀਦਵਾਰ ਸੋਨੀਆ ਗਾਂਧੀ ਦੀ ਥਾਂ ਲਏਗਾ ਜੋ ਸਭ ਤੋਂ ਲੰਮਾ ਸਮਾਂ ਪਾਰਟੀ ਦੇ ਪ੍ਰਧਾਨ ਰਹੇ ਹਨ। ਉਹ 1998 ਤੋਂ ਪਾਰਟੀ ਪ੍ਰਧਾਨ ਹਨ। ਹਾਲਾਂਕਿ ਵਿਚਾਲੇ ਸੰਨ 2017-2019 ਤੱਕ ਰਾਹੁਲ ਗਾਂਧੀ ਵੀ ਦੋ ਸਾਲ ਪ੍ਰਧਾਨ ਰਹੇ। ਕਾਂਗਰਸ ਪ੍ਰਧਾਨ ਲਈ ਆਖ਼ਰੀ ਵਾਰ ਮੁਕਾਬਲਾ ਨਵੰਬਰ 2000 ਵਿਚ ਹੋਇਆ ਸੀ ਜਦ ਸੋਨੀਆ ਗਾਂਧੀ ਨੇ ਜਿਤੇਂਦਰ ਪ੍ਰਸਾਦ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ 1997 ਵਿਚ ਸੀਤਾਰਾਮ ਕੇਸਰੀ ਨੇ ਸ਼ਰਦ ਪਵਾਰ ਤੇ ਰਾਜੇਸ਼ ਪਾਇਲਟ ਨੂੰ ਹਰਾਇਆ ਸੀ। ਰਾਹੁਲ ਗਾਂਧੀ ਵੱਲੋਂ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਨਾ ਸੰਭਾਲਣ ਦੇ ਆਪਣੇ ਪਹਿਲਾਂ ਵਾਲੇ ਰੁਖ਼ ’ਤੇ ਹੀ ਕਾਇਮ ਰਹਿਣ ਦੀ ਸੰਭਾਵਨਾ ਹੈ। ਹੁਣ ਅਜਿਹਾ ਲੱਗਾ ਰਿਹਾ ਹੈ ਕਿ ਪਾਰਟੀ ਨੂੰ ਦੋ ਦਹਾਕਿਆਂ ਵਿਚ ਪਹਿਲਾ ਗੈਰ-ਗਾਂਧੀ ਪ੍ਰਧਾਨ ਮਿਲੇਗਾ। ਸੂਤਰਾਂ ਮੁਤਾਬਕ ਥਰੂਰ ਨੇ ਸੋਮਵਾਰ ਸੋਨੀਆ ਨਾਲ ਮੁਲਾਕਾਤ ਕਰ ਕੇ ਪ੍ਰਧਾਨਗੀ ਦੀ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਸੀ। ਹਾਲਾਂਕਿ ਕਾਂਗਰਸ ਪ੍ਰਧਾਨ ਨੇ ਥਰੂਰ ਨੂੰ ਦੱਸਿਆ ਸੀ ਕਿ ਉਹ ਚੋਣਾਂ ਦੌਰਾਨ ‘ਨਿਰਪੱਖ’ ਭੂਮਿਕਾ ਵਿਚ ਰਹੇਗੀ। ਗਾਂਧੀ ਨੇ ਇਸ ਵਿਚਾਰ ਦਾ ਸਵਾਗਤ ਕੀਤਾ ਹੈ ਕਿ ਜ਼ਿਆਦਾ ਜਣੇ ਚੋਣ ਲੜ ਰਹੇ ਹਨ। ਥਰੂਰ ਆਉਣ ਵਾਲੇ ਦਿਨਾਂ ਵਿਚ ਉਮੀਦਵਾਰ ਬਣਨ ਬਾਰੇ ਐਲਾਨ ਕਰ ਸਕਦੇ ਹਨ। ਥਰੂਰ ਦੀ ਸੋਨੀਆ ਨਾਲ ਮੀਟਿੰਗ ਤੋਂ ਬਾਅਦ ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਦੀ ਚੋਣ ਲੜਨ ਲਈ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ। ਇਹ ਇਕ ਪਾਰਦਰਸ਼ੀ ਤੇ ਲੋਕਤੰਤਰਿਕ ਪ੍ਰਕਿਰਿਆ ਹੈ।
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਟਵੀਟ ਵਿਚ ਕਿਹਾ ਕਿ ਪੂਰੀ ਪਾਰਟੀ ਭਾਰਤ ਜੋੜੋ ਯਾਤਰਾ ਨੂੰ ਸਫ਼ਲ ਬਣਾਉਣ ਵਿਚ ਮਗਨ ਹੈ। ਫਿਰ ਵੀ ਇਹ ਦੁਹਰਾਉਣਾ ਮਹੱਤਵਪੂਰਨ ਹੈ ਕਿ ਕੋਈ ਵੀ ਮੈਂਬਰ ਕਾਂਗਰਸ ਪ੍ਰਧਾਨ ਦੀ ਚੋਣ ਲੜ ਸਕਦਾ ਹੈ। ਕਾਂਗਰਸ ਦੀਆਂ ਕਈ ਸੂਬਾ ਇਕਾਈਆਂ ਵੱਲੋਂ ਰਾਹੁਲ ਗਾਂਧੀ ਦੇ ਹੱਕ ਵਿਚ ਮਤੇ ਪਾਸ ਕਰਨ ’ਤੇ ਰਮੇਸ਼ ਨੇ ਕਿਹਾ ਕਿ ਇਨ੍ਹਾਂ ਦਾ ਚੋਣ ਪ੍ਰਕਿਰਿਆ ’ਤੇ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਚੋਣ ਲੜ ਸਕਦਾ ਹੈ ਪਰ ਉਹ ਕਿਸੇ ਇਕ ਉਮੀਦਵਾਰ ਦੁਆਲੇ ਸਹਿਮਤੀ ਬਣਾਉਣ ਦੇ ਪੱਖ ਵਿਚ ਹਨ। -ਪੀਟੀਆਈ
ਥਰੂਰ ਦੀ ਪਹਿਲ ਤੋਂ ਕੇਰਲਾ ਦੇ ਕਾਂਗਰਸ ਆਗੂ ਨਾਖ਼ੁਸ਼
ਤਿਰੂਵਨੰਤਪੁਰਮ: ਸੀਨੀਅਰ ਆਗੂ ਸ਼ਸ਼ੀ ਥਰੂਰ ਵੱਲੋਂ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਲਈ ਕੀਤੀ ਪਹਿਲ ਤੋਂ ਉਨ੍ਹਾਂ ਦੇ ਸੂਬੇ ਕੇਰਲਾ ਦੇ ਆਗੂ ਖ਼ੁਸ਼ ਨਹੀਂ ਹਨ। ਇਕ ਸੀਨੀਅਰ ਆਗੂ ਨੇ ਇਸ ਨੂੰ ਥਰੂਰ ਦਾ ਨਿੱਜੀ ਫ਼ੈਸਲਾ ਕਰਾਰ ਦਿੱਤਾ। ਸੂਬਾਈ ਇਕਾਈ ਨੇ ਕਿਹਾ ਕਿ ਉਹ ਸਿਰਫ਼ ਉਸ ਲਈ ਵੋਟ ਕਰਨਗੇ ਜੋ ਨਹਿਰੂ ਪਰਿਵਾਰ ਦੀ ਅਹਿਮੀਅਤ ਨੂੰ ਮਾਨਤਾ ਦੇਵੇਗਾ। ਕੇਰਲਾ ਦੇ ਲੋਕ ਸਭਾ ਮੈਂਬਰ ਕੇ. ਸੁਰੇਸ਼ ਤੇ ਕੇ. ਮੁਰਲੀਧਰਨ ਨੇ ਅਸਿੱਧੇ ਤੌਰ ’ਤੇ ਥਰੂਰ ਦੀ ਪਹਿਲ ’ਤੇ ਨਾਖ਼ੁਸ਼ੀ ਜ਼ਾਹਿਰ ਕੀਤੀ। -ਪੀਟੀਆਈ
ਭਾਰਤ ਜੋੜੋ ਯਾਤਰਾ:13ਵੇਂ ਦਿਨ ਚੇਰਤਲਾ ਤੋਂ ਸ਼ੁਰੂ ਹੋਈ ਯਾਤਰਾ
ਅਲੱਪੁਜ਼ਾ: ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਆਗੂਆਂ ਤੇ ਪਾਰਟੀ ਦੇ ਹਜ਼ਾਰਾਂ ਵਰਕਰਾਂ ਨੇ ਅੱਜ 13ਵੇਂ ਦਿਨ ਇੱਥੇ ਚੇਰਤਲਾ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ। ਸੇਂਟ ਮਾਈਕਲਜ਼ ਕਾਲਜ ’ਚ ਪੌਦਾ ਲਗਾ ਕੇ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਦੀ ਵਾਤਾਵਰਨ ਸ਼ਾਖਾ ‘ਸ਼ਾਸਤਰਵੇਦੀ’ ਨੇ ਪੌਦਾ ਲਾਉਣ ਦਾ ਸਮਾਗਮ ਕਰਵਾਇਆ।ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ 12 ਦਿਨ ਅੰਦਰ 255 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾ ਚੁੱਕੀ ਹੈ। -ਪੀਟੀਆਈ