ਇੰਫਾਲ, 3 ਅਗਸਤ
ਮਨੀਪੁਰ ਦੇ ਜਿਰੀਬਾਮ ’ਚ ਗੋਲੀਆਂ ਚੱਲਣ ਅਤੇ ਇਕ ਖਾਲੀ ਘਰ ਨੂੰ ਅੱਗ ਹਵਾਲੇ ਕੀਤੇ ਜਾਣ ਨਾਲ ਉਥੇ ਮੁੜ ਤਣਾਅ ਪੈਦਾ ਹੋ ਗਿਆ ਹੈ। ਹਿੰਸਾ ਦੀ ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਮੈਤੇਈ ਅਤੇ ਹਮਾਰ ਭਾਈਚਾਰਿਆਂ ਵਿਚਕਾਰ ਸ਼ਾਂਤੀ ਬਹਾਲੀ ਦੇ ਸਮਝੌਤੇ ਨੂੰ ਇਕ ਦਿਨ ਹੀ ਹੋਇਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਲਾਲਪਾਣੀ ਪਿੰਡ ’ਚ ਸ਼ੁੱਕਰਵਾਰ ਰਾਤ ਕੁਝ ਹਥਿਆਰਬੰਦ ਵਿਅਕਤੀਆਂ ਨੇ ਖਾਲੀ ਪਏ ਘਰ ਨੂੰ ਅੱਗ ਲਗਾ ਦਿੱਤੀ। ਪਿੰਡ ’ਚ ਮੈਤੇਈ ਭਾਈਚਾਰੇ ਦੇ ਟਾਵੇਂ-ਟਾਵੇਂ ਘਰ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਹਿੰਸਾ ਭੜਕਣ ਮਗਰੋਂ ਮੈਤੇਈ ਭਾਈਚਾਰੇ ਦੇ ਜ਼ਿਆਦਾਤਰ ਲੋਕ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਸਨ। ਸ਼ਰਾਰਤੀ ਅਨਸਰਾਂ ਨੇ ਇਲਾਕੇ ’ਚ ਸੁਰੱਖਿਆ ਖਾਮੀ ਦਾ ਲਾਹਾ ਲੈਂਦਿਆਂ ਅੱਗਜ਼ਨੀ ਕੀਤੀ। ਹਥਿਆਰਬੰਦ ਵਿਅਕਤੀਆਂ ਨੇ ਪਿੰਡ ਨੂੰ ਨਿਸ਼ਾਨਾ ਬਣਾਉਂਦਿਆਂ ਕਈ ਗੋਲੀਆਂ ਦਾਗ਼ੀਆਂ। ਘਟਨਾ ਮਗਰੋਂ ਇਲਾਕੇ ਵੱਲ ਸੁਰੱਖਿਆ ਬਲਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ।
ਅਸਾਮ ਦੇ ਕਚਾਰ ’ਚ ਵੀਰਵਾਰ ਨੂੰ ਸੀਆਰਪੀਐੱਫ ਦੇ ਕੈਂਪ ’ਚ ਇਕ ਮੀਟਿੰਗ ਹੋਈ ਜਿਸ ’ਚ ਮੈਤੇਈ ਅਤੇ ਹਮਾਰ ਭਾਈਚਾਰਿਆਂ ਨੇ ਸ਼ਾਂਤੀ ਬਣਾ ਕੇ ਰੱਖਣ ਦਾ ਸਮਝੌਤਾ ਕੀਤਾ। ਮੀਟਿੰਗ ’ਚ ਜਿਰੀਬਾਮ ਜ਼ਿਲ੍ਹਾ ਪ੍ਰਸ਼ਾਸਨ, ਅਸਾਮ ਰਾਈਫਲਜ਼ ਅਤੇ ਸੀਆਰਪੀਐੱਫ ਦੇ ਜਵਾਨ ਮੌਜੂਦ ਸਨ। ਮੀਟਿੰਗ ਸਮੇਂ ਜ਼ਿਲ੍ਹੇ ਦੇ ਥਾਡੋਊ, ਪਾਇਤੇ ਅਤੇ ਮਿਜ਼ੋ ਭਾਈਚਾਰਿਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਸਾਂਝੇ ਬਿਆਨ ’ਚ ਕਿਹਾ ਗਿਆ, ‘‘ਮੀਟਿੰਗ ’ਚ ਦੋਵੇਂ ਧਿਰਾਂ ਨੇ ਅੱਗਜ਼ਨੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਰੋਕਣ ਅਤੇ ਹਾਲਾਤ ਸੁਖਾਵੇਂ ਬਣਾਉਣ ਲਈ ਤਹਿ ਦਿਲੋਂ ਕੋਸ਼ਿਸ਼ਾਂ ਕਰਨ ਦਾ ਅਹਿਦ ਲਿਆ। ਦੋਵੇਂ ਧਿਰਾਂ ਜਿਰੀਬਾਮ ਜ਼ਿਲ੍ਹੇ ’ਚ ਤਾਇਨਾਤ ਸੁਰੱਖਿਆ ਬਲਾਂ ਨੂੰ ਪੂਰਾ ਸਹਿਯੋਗ ਦੇਣਗੀਆਂ।’’ ਦੋਵੇਂ ਧਿਰਾਂ ਵਿਚਾਲੇ ਅਗਲੀ ਮੀਟਿੰਗ 15 ਅਗਸਤ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਇੰਫਾਲ ਘਾਟੀ ਅਤੇ ਨਾਲ ਲਗਦੇ ਇਲਾਕਿਆਂ ’ਚ ਨਸਲੀ ਹਿੰਸਾ ਹੋਈ ਸੀ ਪਰ ਜਿਰੀਬਾਮ ਇਸ ਤੋਂ ਬਚਿਆ ਰਿਹਾ ਸੀ। ਇਸ ਸਾਲ ਜੂਨ ’ਚ ਇਕ ਕਿਸਾਨ ਦੀ ਖੇਤਾਂ ’ਚ ਕਟੀ-ਵੱਢੀ ਲਾਸ਼ ਮਿਲਣ ਮਗਰੋਂ ਜਿਰੀਬਾਮ ’ਚ ਵੀ ਹਿੰਸਾ ਸ਼ੁਰੂ ਹੋ ਗਈ ਸੀ। ਦੋਵੇਂ ਧਿਰਾਂ ਵਿਚਾਲੇ ਅੱਗਜ਼ਨੀ ਦੀਆਂ ਘਟਨਾਵਾਂ ਮਗਰੋਂ ਹਜ਼ਾਰਾਂ ਲੋਕ ਆਪਣੇ ਘਰ-ਬਾਰ ਛੱਡ ਕੇ ਕੈਂਪਾਂ ’ਚ ਚਲੇ ਗਏ ਸਨ। ਪਿਛਲੇ ਮਹੀਨੇ ਅਤਿਵਾਦੀਆਂ ਵੱਲੋਂ ਘਾਤ ਲਗਾ ਕੇ ਕੀਤੇ ਗਏ ਹਮਲੇ ’ਚ ਸੀਆਰਪੀਐੱਫ ਦਾ ਇਕ ਜਵਾਨ ਹਲਾਕ ਹੋ ਗਿਆ ਸੀ। -ਪੀਟੀਆਈ
ਹਮਾਰ ਭਾਈਚਾਰੇ ਦੀ ਮੁੱਖ ਜਥੇਬੰਦੀ ਵੱਲੋਂ ਮੈਤੇਈਆਂ ਨਾਲ ਸਮਝੌਤਾ ਰੱਦ
ਇੰਫਾਲ: ਹਮਾਰ ਅਤੇ ਮੈਤੇਈ ਭਾਈਚਾਰਿਆਂ ਦੇ ਨੁਮਾਇੰਦਿਆਂ ਵਿਚਕਾਰ ਜਿਰੀਬਾਮ ਜ਼ਿਲ੍ਹੇ ’ਚ ਸ਼ਾਂਤੀ ਬਹਾਲੀ ਦੇ ਹੋਏ ਸਮਝੌਤੇ ਦੇ ਇਕ ਦਿਨ ਮਗਰੋਂ ਹਮਾਰ ਭਾਈਚਾਰੇ ਦੀ ਮੁੱਖ ਜਥੇਬੰਦੀ ਨੇ ਸਮਝੌਤਾ ਰੱਦ ਕਰ ਦਿੱਤਾ ਹੈ। ਜਥੇਬੰਦੀ ਹਮਾਰ ਇਨਪੂਈ ਨੇ ਦਾਅਵਾ ਕੀਤਾ ਕਿ ਉਨ੍ਹਾਂ ਨਾਲ ਜੁੜੀਆਂ ਇਕਾਈਆਂ ਨੇ ਕੋਈ ਜਾਣਕਾਰੀ ਦਿੱਤੇ ਬਿਨਾਂ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਜਥੇਬੰਦੀ ਨੇ ਆਪਣੀ ਜਿਰੀਬਾਮ ਇਕਾਈ ਅਤੇ ਹੋਰ ਸੰਸਥਾਵਾਂ ਵੀ ਭੰਗ ਕਰ ਦਿੱਤੀਆਂ ਹਨ। ਉਨ੍ਹਾਂ ਸਮਝੌਤੇ ’ਚ ਸ਼ਾਮਲ ਵਿਅਕਤੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਹਿੱਤਾਂ ਖ਼ਾਤਰ ਹਮਾਰ ਭਾਈਚਾਰੇ ਦੀ ਨੁਮਾਇੰਦਗੀ ਨਾ ਕਰਨ ਅਤੇ ਜੇ ਉਨ੍ਹਾਂ ਇੰਜ ਕੀਤਾ ਤਾਂ ਉਹ ਕਿਸੇ ਵੀ ਘਟਨਾਕ੍ਰਮ ਲਈ ਖੁਦ ਜ਼ਿੰਮੇਵਾਰ ਹੋਣਗੇ। -ਪੀਟੀਆਈ
ਕੁਕੀ-ਜ਼ੋ ਵਿਧਾਇਕਾਂ ਵੱਲੋਂ ਅਸਾਮ ਰਾਈਫਲਜ਼ ਨੂੰ ਨਾ ਹਟਾਉਣ ਲਈ ਮੋਦੀ ਨੂੰ ਪੱਤਰ
ਇੰਫਾਲ: ਮਨੀਪੁਰ ਦੇ ਕੁਕੀ-ਜ਼ੋ ਭਾਈਚਾਰੇ ਨਾਲ ਸਬੰਧਤ 10 ਵਿਧਾਇਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨਸਲੀ ਹਿੰਸਾ ਨਾਲ ਝੰਬੇ ਸੂਬੇ ’ਚ ਅਸਾਮ ਰਾਈਫਲਜ਼ ਦੀ ਥਾਂ ’ਤੇ ਸੀਆਰਪੀਐੱਫ ਦੇ ਜਵਾਨ ਨਾ ਤਾਇਨਾਤ ਕੀਤੇ ਜਾਣ। ਵਿਧਾਇਕਾਂ ਨੇ ਕਿਹਾ ਕਿ ਜਦੋਂ ਕੇਂਦਰ ਹਿੰਸਾ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ’ਚ ਜੁਟਿਆ ਹੋਇਆ ਹੈ ਤਾਂ ਅਸਾਮ ਰਾਈਫਲਜ਼ ਨੂੰ ਹਟਾ ਕੇ ਨਵੇਂ ਨੀਮ ਫ਼ੌਜੀ ਦਸਤੇ ਤਾਇਨਾਤ ਕਰਨ ਨਾਲ ਹਿੰਸਾ ਮੁੜ ਭੜਕ ਸਕਦੀ ਹੈ ਕਿਉਂਕਿ ਜਵਾਨਾਂ ਨੂੰ ਸੂਬੇ ਅਤੇ ਲੋਕਾਂ ਬਾਰੇ ਜਾਣਕਾਰੀ ਨਹੀਂ ਹੋਵੇਗੀ। ਇਹ ਪੱਤਰ ਉਸ ਸਮੇਂ ਲਿਖਿਆ ਗਿਆ ਹੈ ਜਦੋਂ ਰਿਪੋਰਟਾਂ ਹਨ ਕਿ ਕਾਂਗਵਾਈ ਅਤੇ ਕਾਂਗਪੋਕਪੀ ’ਚ ਤਾਇਨਾਤ ਅਸਾਮ ਰਾਈਫਲਜ਼ ਦੀਆਂ ਦੋ ਬਟਾਲੀਅਨਾਂ ਦੀ ਥਾਂ ’ਤੇ ਸੀਆਰਪੀਐੱਫ ਦੇ ਜਵਾਨ ਤਾਇਨਾਤ ਕੀਤੇ ਜਾਣਗੇ। ਵਿਧਾਇਕਾਂ ਨੇ ਕਿਹਾ ਕਿ ਅਸਾਮ ਰਾਈਫਲਜ਼ ਨਿਰਪੱਖ ਨੀਮ ਫੌਜੀ ਬਲ ਹੈ ਅਤੇ ਉਨ੍ਹਾਂ ਦੀ ਥਾਂ ’ਤੇ ਸੀਆਰਪੀਐੱਫ ਤਾਇਨਾਤ ਕਰਨਾ ‘ਨਾਪਾਕ ਸਾਜ਼ਿਸ਼’ ਹੈ। -ਪੀਟੀਆਈ