ਨਵੀਂ ਦਿੱਲੀ, 21 ਜੂਨ
ਅਗਨੀਪਥ ਸਕੀਮ ਖ਼ਿਲਾਫ਼ ਪੰਜ ਦਿਨ ਹੋਏ ਹਿੰਸਕ ਮੁਜ਼ਾਹਰਿਆਂ ਤੋਂ ਬਾਅਦ ਅੱਜ ਰੇਲਵੇ ਦਾ ਕੰਮ ਹੌਲੀ-ਹੌਲੀ ਪਟੜੀ ਉਤੇ ਆਉਣਾ ਸ਼ੁਰੂ ਹੋ ਗਿਆ ਹੈ। ਰੇਲਵੇ ਵੱਲੋਂ ਅੱਜ 300 ਤੋਂ ਘੱਟ ਰੇਲਗੱਡੀਆਂ ਹੀ ਰੱਦ ਕੀਤੀਆਂ ਗਈਆਂ। ਜਦਕਿ ਪਹਿਲਾਂ ਕਈ ਦਿਨ 400 ਤੋਂ ਵੱਧ ਰੇਲਾਂ ਰੱਦ ਕੀਤੀਆਂ ਜਾਂਦੀਆਂ ਰਹੀਆਂ ਹਨ। ਜ਼ਿਕਰਯੋਗ ਹੈ ਕਿ ਮੁਜ਼ਾਹਰਾਕਾਰੀਆਂ ਨੇ ਕਈ ਥਾਈਂ ਰੇਲਾਂ ਨੂੰ ਅੱਗ ਲਾ ਦਿੱਤੀ ਸੀ ਤੇ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਸੀ। ਕਈ ਜਗ੍ਹਾ ਰੇਲਗੱਡੀਆਂ ਰੋਕੀਆਂ ਵੀ ਗਈਆਂ ਸਨ। ਅੱਜ ਰੇਲਵੇ ਨੇ 270 ਰੇਲਗੱਡੀਆਂ ਰੱਦ ਕੀਤੀਆਂ ਜਿਨ੍ਹਾਂ ਵਿਚ 103 ਮੇਲ/ਐਕਸਪ੍ਰੈੱਸ ਰੇਲਗੱਡੀਆਂ ਤੇ 167 ਯਾਤਰੀ ਰੇਲਗੱਡੀਆਂ ਸ਼ਾਮਲ ਸਨ। ਸੋਮਵਾਰ ਰੇਲਵੇ ਨੇ ਕਿਹਾ ਸੀ ਕਿ ਵਿਰੋਧ ਕਾਰਨ 600 ਤੋਂ ਵੱਧ ਰੇਲਗੱਡੀਆਂ ਰੱਦ ਹੋਈਆਂ ਹਨ। ਐਤਵਾਰ 483 ਤੇ ਇਕ ਦਿਨ ਪਹਿਲਾਂ 369 ਗੱਡੀਆਂ ਰੱਦ ਹੋਈਆਂ ਸਨ। -ਪੀਟੀਆਈ