ਨਵੀਂ ਦਿੱਲੀ, 22 ਜੁਲਾਈ
ਮੁੱਖ ਅੰਸ਼
- ਕਮੇਟੀ ਦੇ ਚੇਅਰਮੈਨ ਨੇ ਵਿਚਾਰ ਵਟਾਂਦਰੇ ਦੀ ਮੰਗ ਠੁਕਰਾਈ
- ਸੰਸਦ ’ਚ ਮੁੱਦਾ ਉਠਾਉਣ ਲਈ ਕਿਹਾ
ਰੱਖਿਆ ਬਾਰੇ ਸੰਸਦੀ ਕਮੇਟੀ ਦੀ ਮੀਟਿੰਗ ’ਚ ਅਗਨੀਪਥ ਯੋਜਨਾ ’ਤੇ ਵਿਚਾਰ ਵਟਾਂਦਰਾ ਕਰਨ ਦੀ ਇਜਾਜ਼ਤ ਨਾ ਦੇਣ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਾਕ ਆਊਟ ਕਰ ਦਿੱਤਾ। ਕਾਂਗਰਸ ਅਤੇ ਬਸਪਾ ਦੇ ਮੈਂਬਰਾਂ ਨੇ ਕਮੇਟੀ ਦੇ ਚੇਅਰਮੈਨ ਜੁਆਲ ਓਰਮ ਨੂੰ ਅਪੀਲ ਕੀਤੀ ਸੀ ਕਿ ਉਹ ਅਗਨੀਪਥ ਯੋਜਨਾ ’ਤੇ ਚਰਚਾ ਦੀ ਇਜਾਜ਼ਤ ਦੇਣ ਕਿਉਂਕਿ ਇਸ ਦਾ ਵੱਡਾ ਅਸਰ ਪੈ ਸਕਦਾ ਹੈ ਅਤੇ ਸੰਸਦੀ ਪੜਤਾਲ ਦੀ ਲੋੜ ਹੈ ਪਰ ਉਨ੍ਹਾਂ ਦੀ ਅਪੀਲ ਨੂੰ ਦਰਕਿਨਾਰ ਕਰ ਦਿੱਤਾ ਗਿਆ। ਕਮੇਟੀ ਦੇ ਮੈਂਬਰਾਂ ’ਚ ਸ਼ਾਮਲ ਕਾਂਗਰਸ ਦੇ ਕੇ ਸੀ ਵੇਣੂਗੋਪਾਲ ਤੇ ਉੱਤਮ ਕੁਮਾਰ ਰੈੱਡੀ ਅਤੇ ਬਸਪਾ ਦੇ ਦਾਨਿਸ਼ ਅਲੀ ਨੇ ਚੇਅਰਮੈਨ ਨੂੰ ਦਲੀਲ ਦਿੱਤੀ ਕਿ ਅਗਨੀਪਥ ਯੋਜਨਾ ’ਤੇ ਰੱਖਿਆ ਬਾਰੇ ਸਲਾਹਕਾਰ ਕਮੇਟੀ ’ਚ ਪਹਿਲਾਂ ਹੀ ਵਿਚਾਰ ਵਟਾਂਦਰਾ ਹੋ ਚੁੱਕਿਆ ਹੈ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੇ ਉਸ ’ਚ ਪੇਸ਼ਕਾਰੀ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਮੈਂਬਰਾਂ ਨੇ ਕਿਹਾ ਕਿ ਅਗਨੀਪਥ ਬਾਰੇ ਵਿਚਾਰ ਵਟਾਂਦਰੇ ਦੀ ਇਜਾਜ਼ਤ ਨਾ ਦੇਣਾ ਸੰਸਦ ਦੇ ਅਪਮਾਨ ਦੇ ਤੁੱਲ ਹੈ ਅਤੇ ਕਮੇਟੀ ਨੂੰ ਯੋਜਨਾ ਬਾਰੇ ਜਾਣਕਾਰੀ ਨਾ ਦੇਣਾ ਮਰਿਆਦਾ ਦੀ ਉਲੰਘਣਾ ਹੈ। ਆਗੂਆਂ ਨੇ ਇਹ ਮੰਗ ਵੀ ਕੀਤੀ ਕਿ ਕਮੇਟੀ ਦੀ ਅਗਲੀ ਮੀਟਿੰਗ ’ਚ ਇਸ ਮੁੱਦੇ ਨੂੰ ਚਰਚਾ ਲਈ ਸੂਚੀਬੱਧ ਕੀਤਾ ਜਾਵੇ ਪਰ ਚੇਅਰਮੈਨ ਨੇ ਇਸ ਦੀ ਵੀ ਇਜਾਜ਼ਤ ਨਹੀਂ ਦਿੱਤੀ। ਜਾਣਕਾਰੀ ਮੁਤਾਬਕ ਓਰਮ ਨੇ ਕਿਹਾ ਕਿ ਕਮੇਟੀ ਦੀਆਂ ਮੀਟਿੰਗਾਂ ’ਚ ਵਿਚਾਰੇ ਜਾਣ ਵਾਲੇ ਮੁੱਦਿਆਂ ਦੇ ਏਜੰਡੇ ਦਾ ਫ਼ੈਸਲਾ ਸਾਲ ਦੇ ਸ਼ੁਰੂ ’ਚ ਹੀ ਲੈ ਲਿਆ ਜਾਂਦਾ ਹੈ ਜਿਸ ਕਾਰਨ ਇਹ ਬੇਨਤੀ ਹੁਣ ਨਹੀਂ ਮੰਨੀ ਜਾ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਚੇਅਰਮੈਨ ਨੇ ਮੈਂਬਰਾਂ ਨੂੰ ਕਿਹਾ ਕਿ ਉਹ ਇਹ ਮੁੱਦਾ ਸੰਸਦ ’ਚ ਉਠਾ ਸਕਦੇ ਹਨ। ਬਾਅਦ ’ਚ ਵੇਣੂਗੋਪਾਲ ਨੇ ਟਵਿੱਟਰ ’ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਉੱਤਮ ਕੁਮਾਰ ਰੈੱਡੀ ਅਤੇ ਦਾਨਿਸ਼ ਅਲੀ ਨਾਲ ਮਿਲ ਕੇ ਮੀਟਿੰਗ ’ਚੋਂ ਵਾਕ-ਆਊਟ ਕੀਤਾ। ਉਨ੍ਹਾਂ ਕਿਹਾ,‘‘ਅਸੀਂ ਚੇਅਰਮੈਨ ਨੂੰ ਇਹ ਸਪੱਸ਼ਟ ਕਰਨ ਦੀ ਬੇਨਤੀ ਕੀਤੀ ਸੀ ਕਿ ਰੱਖਿਆ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਨੂੰ ਅਗਨੀਪਥ ਭਰਤੀ ਯੋਜਨਾ ਸਬੰਧੀ ਹਨੇਰੇ ’ਚ ਕਿਉਂ ਰੱਖਿਆ ਗਿਆ? ‘ਕਮੇਟੀ ਦੀ ਬਜਟ ਪੜਤਾਲ ਮੀਟਿੰਗਾਂ ’ਚ ਯੋਜਨਾ ’ਤੇ ਚਰਚਾ ਕਿਉਂ ਨਹੀਂ ਹੋਈ। ਚੇਅਰਮੈਨ ਨੇ ਅਹਿਮ ਸਵਾਲਾਂ ਨੂੰ ਅਣਗੌਲਿਆ ਕਰ ਦਿੱਤਾ। ਸੰਸਦ ਤੇ ਸੰਸਦੀ ਕਮੇਟੀਆਂ ’ਚ ਕੋਈ ਵਿਚਾਰ ਵਟਾਂਦਰਾ ਨਹੀਂ ਹੋ ਰਿਹਾ ਹੈ ਅਤੇ ਮੋਦੀ ਕਾਲ ’ਚ ਬਿੱਲਾਂ ਨੂੰ ਢਾਹ ਲਾਈ ਜਾ ਰਹੀ ਹੈ।’ ਸੂਤਰਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਰਕਾਰ ਤੋਂ ਇਹ ਵੀ ਸਵਾਲ ਕੀਤਾ ਕਿ ਉਹ ਕੀ ਛਿਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਅਗਨੀਪਥ ਯੋਜਨਾ ਦਾ ਭੇਤ ਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮੁੱਦਾ ਦੋਵੇਂ ਸਦਨਾਂ ਦੀਆਂ ਬਿਜ਼ਨਸ ਐਡਵਾਇਜ਼ਰੀ ਕਮੇਟੀਆਂ ’ਚ ਵੀ ਉਠਾਇਆ ਗਿਆ ਸੀ ਪਰ ਸਰਕਾਰ ਇਸ ਮੁੱਦੇ ’ਤੇ ਚਰਚਾ ਕਰਨ ਲਈ ਤਿਆਰ ਨਹੀਂ ਹੈ। ਕਰੀਬ ਅੱਧੇ ਘੰਟੇ ਦੀ ਮੀਟਿੰਗ ਮਗਰੋਂ ਤਿੰਨੋਂ ਵਿਰੋਧੀ ਮੈਂਬਰਾਂ ਨੇ ਰੋਸ ਵਜੋਂ ਵਾਕ ਆਊਟ ਕਰ ਦਿੱਤਾ। -ਪੀਟੀਆਈ