ਰਾਂਚੀ, 24 ਜੁਲਾਈ
ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਤਹਿਤ ਇੰਡੀਅਨ ਏਅਰ ਫੋਰਸ (ਆਈਏਐੱਫ) ਦੇ ਪਹਿਲੇ ਬੈਚ ਦੀ ਭਰਤੀ ਲਈ ਅਗਨੀਵੀਰ ਵਾਯੂ ਪ੍ਰੀਖਿਆ ਅੱਜ ਰਾਂਚੀ ਦੇ ਦੋ ਕੇਂਦਰਾਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਈ ਗਈ। ਪ੍ਰੀਖਿਆ ਲਈ ਬਣਾਏ ਗਏ ਦੋ ਕੇਂਦਰਾਂ, ਔਕਸਫੋਰਡ ਪਬਲਿਕ ਸਕੂਲ ਅਤੇ ਸ਼ੰਕਰ ਆਈਟੀ ਐਂਡ ਮੈਨੇਜਮੈਂਟ ਸਰਵਿਸਿਜ਼ ਦੇ ਬਾਹਰ ਸਵੇਰ ਤੋਂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਰਾਂਚੀ ਦੇ ਦੋ ਕੇਂਦਰਾਂ ਸਣੇ ਪੂਰੇ ਭਾਰਤ ਵਿੱਚ 250 ਕੇਂਦਰਾਂ ਵਿੱਚ ਇਹ ਪ੍ਰੀਖਿਆ ਤਿੰਨ ਸ਼ਿਫ਼ਟਾਂ ਵਿੱਚ ਹੋ ਰਹੀ ਹੈ। ਰਾਂਚੀ ਦੇ ਡਿਪਟੀ ਕਮਿਸ਼ਨਰ ਰਾਹੁਲ ਸਿਨਹਾ ਨੇ ਕਿਹਾ ਕਿ ਡਰ ਮੁਕਤ ਮਾਹੌਲ ਵਿੱਚ ਨਿਰਪੱਖ ਪ੍ਰੀਖਿਆ ਕਰਵਾਉਣ ਲਈ ਕੇਂਦਰਾਂ ਦੇ ਬਾਹਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ। ਪਟਨਾ ਤੋਂ ਪ੍ਰੀਖਿਆ ਦੇਣ ਆਏ ਪਵਨ ਕੁਮਾਰ ਨੇ ਦੱਸਿਆ ਕਿ ਉਸ ਨੇ ਔਕਸਫੋਰਡ ਪਬਲਿਕ ਸਕੂਲ ਵਿੱਚ ਪਹਿਲੀ ਸ਼ਿਫ਼ਟ ਦੌਰਾਨ ਪੇਪਰ ਦਿੱਤਾ, ਜੋ ਸਵੇਰੇ ਨੌਂ ਵਜੇ ਸ਼ੁਰੂ ਹੋਇਆ ਸੀ। ਉਸ ਨੇ ਦੱਸਿਆ ਕਿ ਪ੍ਰੀਖਿਆ ਵਿੱਚ ਜ਼ਿਆਦਾਤਰ ਸਵਾਲ ਬਾਰ੍ਹਵੀਂ ਦੇ ਸਿਲੇਬਸ ਦੇ ਆਧਾਰ ’ਤੇ ਆਏ ਸਨ। ਪੱਛਮੀ ਬੰਗਾਲ ਤੋਂ ਆਏ ਇੱਕ ਹੋਰ ਪ੍ਰੀਖਿਆਰਥੀ ਦੇਬਕਾਂਤਾ ਦਾਸ ਨੇ ਦੱਸਿਆ ਕਿ ਉਹ ਪ੍ਰੀਖਿਆ ਤੋਂ ਪਹਿਲਾਂ ਥੋੜ੍ਹਾ ਘਬਰਾਇਆ ਹੋਇਆ ਸੀ ਕਿਉਂਕਿ ਉਸ ਨੇ ਇਸ ਤਰ੍ਹਾਂ ਦਾ ਪੇਪਰ ਪਹਿਲੀ ਵਾਰ ਦਿੱਤਾ ਸੀ। ਅਗਨੀਪਥ ਸਕੀਮ ਤਹਿਤ ਨੌਜਵਾਨਾਂ ਨੂੰ ਚਾਰ ਸਾਲਾਂ ਲਈ ਹਥਿਆਰਬੰਦ ਬਲਾਂ ਵਿੱਚ ਭਰਤੀ ਕੀਤਾ ਜਾਂਦਾ ਹੈ ਅਤੇ ਇਸ ਸਕੀਮ ਤਹਿਤ ਭਰਤੀ ਹੋਏ ਨੌਜਵਾਨ ਅਗਨੀਵੀਰ ਵਜੋਂ ਜਾਣੇ ਜਾਣਗੇ। ਸਾਲ ਦੇ ਸ਼ੁਰੂ ਵਿੱਚ ਦੇਸ਼ ਪੱਧਰ ’ਤੇ ਕੇਂਦਰ ਦੀ ਇਸ ਸਕੀਮ ਖ਼ਿਲਾਫ਼ ਵੱਡੀ ਗਿਣਤੀ ਵਿੱਚ ਪ੍ਰਦਰਸ਼ਨ ਹੋਏ ਸਨ। -ਪੀਟੀਆਈ
ਨਵੇਂ ਤਜਰਬੇ ਕਾਰਨ ਸੁਰੱਖਿਆ ਅਤੇ ਨੌਜਵਾਨਾਂ ਦਾ ਭਵਿੱਖ ਖਤਰੇ ’ਚ: ਰਾਹੁਲ
ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅਗਨੀਪਥ ਸਬੰਧੀ ਕੇਂਦਰ ’ਤੇ ਹਮਲਾ ਬੋਲਦਿਆਂ ਅੱਜ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਪ੍ਰਯੋਗਸ਼ਾਲਾ’ ਦੇ ਇਸ ‘ਨਵੇਂ ਤਜਰਬੇ’ ਕਾਰਨ ਮੁਲਕ ਦੀ ਸੁਰੱਖਿਆ ਅਤੇ ਨੌਜਵਾਨਾਂ ਦਾ ਭਵਿੱਖ ਖਤਰੇ ਵਿੱਚ ਹੈ। ਗਾਂਧੀ ਨੇ ਟਵੀਟ ਕੀਤਾ, ‘‘60 ਹਜ਼ਾਰ ਫੌਜੀ ਹਰ ਵਰ੍ਹੇ ਸੇਵਾਮੁਕਤ ਹੁੰਦੇ ਹਨ ਅਤੇ ਉਨ੍ਹਾਂ ਵਿੱਚੋਂ ਸਿਰਫ 3 ਹਜ਼ਾਰ ਨੂੰ ਸਰਕਾਰੀ ਨੌਕਰੀ ਮਿਲ ਰਹੀ ਹੈ। ’’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘‘ਚਾਰ ਵਰ੍ਹਿਆਂ ਦੇ ਠੇਕੇ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਸੇਵਾਮੁਕਤ ਹੋਣ ਵਾਲੇ ਅਗਨੀਵੀਰਾਂ ਦਾ ਭਵਿੱਖ ਕੀ ਹੋਵੇਗਾ?’’ -ਏਜੰਸੀ