ਨਵੀਂ ਦਿੱਲੀ, 24 ਅਗਸਤ
ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਨੇ ਐੱਮਬੀਏ ਅਤੇ ਪੀਜੀਡੀਐੱਮ ਕੋਰਸ ਕਰਵਾਉਂਦੇ ਬਿਜ਼ਨਸ ਸਕੂਲਾਂ ਅਤੇ ਸੰਸਥਾਵਾਂ ਨੂੰ ਵਿਦਿਆਰਥੀਆਂ ਦਾ ਦਾਖ਼ਲਾ ਅੰਡਰ-ਗਰੈਜੂਏਟ ਇਮਤਿਹਾਨਾਂ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ’ਤੇ ਕਰਨ ਲਈ ਆਖਿਆ ਹੈ ਕਿਉਂਕਿ ਕੋਵਿਡ-19 ਕਾਰਨ ਜ਼ਿਆਦਾਤਰ ਦਾਖ਼ਲਾ ਟੈਸਟ ਨਹੀਂ ਲਏ ਜਾ ਸਕੇ ਹਨ।
ਤਕਨੀਕੀ ਸਿੱਖਿਆ ਬਾਰੇ ਰੈਗੂਲੇਟਰ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਹ ਛੋਟ ਕੇਵਲ 2020-21 ਅਕਾਦਮਿਕ ਸੈਸ਼ਨ ਲਈ ਦਿੱਤੀ ਜਾ ਰਹੀ ਹੈ ਅਤੇ ਇਸ ਨੂੰ ਭਵਿੱਖ ਦੇ ਅਕਾਦਮਿਕ ਵਰ੍ਹਿਆਂ ਲਈ ਨਾ ਮੰਨਿਆ ਜਾਵੇ। ਏਆਈਸੀਟੀਟੀ ਮੈਂਬਰ ਸਕੱਤਰ ਰਾਜੀਵ ਕੁਮਾਰ ਨੇ ਕਿਹਾ, ‘‘ਆਲ ਇੰਡੀਆ ਟੈਸਟ ਜਿਵੇਂ ਕੈਟ, ਐਕਸਏਟੀ, ਸੀਐੱਮਏਟੀ, ਏਟੀਐੱਮਏ, ਐੱਮਏਟੀ, ਜੀਐੱਮਏਟੀ ਅਤੇ ਸੂਬਿਆਂ ਦਾ ਸਾਂਝਾ ਦਾਖ਼ਲਾ ਟੈਸਟ ਐੱਮਬੀਏ ਅਤੇ ਪੋਸਟ ਗਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ (ਪੀਜੀਡੀਐੱਮ) ਕੋਰਸਾਂ ਵਿੱਚ ਦਾਖ਼ਲੇ ਲਈ ਯੋਗਤਾ ਟੈਸਟ ਹਨ। ਜ਼ਿਆਦਾਤਰ ਸੂਬਿਆਂ ਵਿੱਚ ਕਰੋਨਾਵਾਇਰਸ ਫੈਲਣ ਦੇ ਭੈਅ ਕਾਰਨ ਇਹ ਦਾਖ਼ਲਾ ਟੈਸਟ ਨਹੀਂ ਲਏ ਗਏ ਹਨ, ਅਤੇ ਅਜਿਹੇ ਕੋਈ ਸੰਕੇਤ ਨਹੀਂ ਹਨ ਕਿ ਇਹ ਟੈਸਟ ਮੁਲਤਵੀ ਕੀਤੇ ਜਾ ਰਹੇ ਹਨ ਜਾਂ ਰੱਦ ਕੀਤੇ ਜਾਣ ਦੀ ਸੰਭਾਵਨਾ ਹੈ।’’ ਊਨ੍ਹਾਂ ਕਿਹਾ, ‘‘ਮੌਜੂਦਾ ਸਥਿਤੀ ਵਿੱਚ ਪੀਜੀਡੀਐੱਮ ਅਤੇ ਐੱਮਬੀਏ ਸੰਸਥਾਵਾਂ ਨੂੰ ਵਿਦਿਆਰਥੀਆਂ ਵਲੋਂ ਯੋਗਤਾ ਇਮਤਿਹਾਨਾਂ ਵਿੱਚੋਂ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ’ਤੇ ਪਾਰਦਰਸ਼ੀ ਢੰਗ ਨਾਲ ਮੈਰਿਟ ਸੂਚੀ ਤਿਆਰ ਕਰਕੇ ਦਾਖ਼ਲੇ ਕਰਨ ਦੀ ਆਗਿਆ ਦਿੱਤੀ ਗਈ ਹੈ। ਪ੍ਰੰਤੂ, ਪਹਿਲੀ ਤਰਜੀਹ ਕਿਸੇ ਵੀ ਦਾਖ਼ਲਾ ਟੈਸਟ ਵਿੱਚ ਬੈਠਣ ਅਤੇ ਪਾਸ ਕਰਨ ਵਾਲੇ ਊਮੀਦਵਾਰਾਂ ਨੂੰ ਦਿੱਤੀ ਜਾਵੇਗੀ, ਭਾਵੇਂ ਊਨ੍ਹਾਂ ਨੇ ਡਿਗਰੀ ਪੱਧਰ ’ਤੇ ਕਿੰਨੇ ਵੀ ਅੰਕ ਪ੍ਰਾਪਤ ਕੀਤੇ ਹੋਣ ਬਸ਼ਰਤੇ ਊਹ ਘੱਟੋ-ਘੱਟ ਅੰਕਾਂ ਦੀ ਸ਼ਰਤ ਪੂਰੀ ਕਰਦੇ ਹੋਣ।’’
-ਪੀਟੀਆਈ