ਬਰਦਵਾਨ, 9 ਫਰਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਅਡਾਨੀ ਜਿਹੇ ਕੁਝ ਕਾਰੋਬਾਰੀਆਂ ਨੂੰ ਲਾਭ ਦੇਣ ਲਈ ਬਣਾਏ ਹਨ ਜੋ ਕਿ ਸਰਕਾਰ ਦੇ ਮਿੱਤਰ ਹਨ। ਬੈਨਰਜੀ ਨੇ ਕਿਹਾ ਕਿ ਇਹ ਕਾਰੋਬਾਰੀ ਭਾਜਪਾ ਦੇ ਪੂੰਜੀਵਾਦੀ ਹਨ ਤੇ ਇਕ ਵਾਰ ਜੇ ਖੇਤੀ ਕਾਨੂੰਨ ਆ ਗਏ ਤਾਂ ਉਹ ਕਿਸਾਨਾਂ ਤੋਂ ਧੱਕੇ ਨਾਲ ਫ਼ਸਲਾਂ ਖ਼ਰੀਦਣ ਦਾ ਯਤਨ ਕਰਨਗੇ। ਤ੍ਰਿਣਮੂਲ ਸੁਪਰੀਮੋ ਨੇ ਕਿਹਾ ਕਿ ਕਿਸਾਨਾਂ ਨੂੰ ਡਰਨ ਦੀ ਲੋੜ ਨਹੀਂ ਹੈ। ਬੈਨਰਜੀ ਨੇ ਨਾਲ ਹੀ ਕਿਹਾ ਕਿ ਉਹ ਕਿਸੇ ਨੂੰ ਵੀ ਕਿਸਾਨਾਂ ’ਤੇ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।
ਮਮਤਾ ਨੇ ਕਿਹਾ ‘ਭਾਜਪਾ ਦੇ ਕੁਝ ਮਿੱਤਰ ਹਨ ਜਿਵੇਂ ਕਿ ਅਡਾਨੀ ਬਾਬੂ ਜੋ ਕਿ ਕਰੋੜਪਤੀ, ਜ਼ਿਮੀਂਦਾਰ ਤੇ ਪੂੰਜੀਪਤੀ ਹਨ। ਇਹ ਭਾਜਪਾ ਦੇ ਵੱਡੇ ਪੂੰਜੀਵਾਦੀ ਹਨ ਜੋ ਕਿ ਕਿਸਾਨਾਂ ਤੋਂ ਧੱਕੇ ਨਾਲ ਜਿਣਸ ਖ਼ਰੀਦ ਕੇ ਵੱਡੇ ਗੁਦਾਮਾਂ ਵਿਚ ਭੰਡਾਰ ਕਰਨਗੇ ਜੋ ਪਹਿਲਾਂ ਹੀ ਦਿੱਲੀ ਵਿਚ ਬਣ ਚੁੱਕੇ ਹਨ। ਜਦ ਲੋਕਾਂ ਨੂੰ ਫ਼ਸਲ ਦੀ ਲੋੜ ਹੋਵੇਗੀ ਤਾਂ ਇਹ ਨਹੀਂ ਦੇਣਗੇ।’ ਇੱਥੇ ਇਕ ਪ੍ਰੋਗਰਾਮ ਵਿਚ ਮਮਤਾ ਨੇ ਕਿਹਾ ਕਿ ਇਸੇ ਲਈ ਯੂਪੀ, ਹਰਿਆਣਾ ਤੇ ਪੰਜਾਬ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ।
ਮਮਤਾ ਬੈਨਰਜੀ ਨੇ ਯਕੀਨ ਦਿਵਾਇਆ ਕਿ ਟੀਐਮਸੀ ਕਿਸਾਨਾਂ ਦੇ ਹੱਕ ’ਚ ਖੜ੍ਹੀ ਹੈ ਤੇ ਉਹ ਚਾਰ-ਪੰਜ ਵਾਰ ਖ਼ੁਦ ਫੋਨ ਉਤੇ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਚੁੱਕੀ ਹੈ। ਮਮਤਾ ਨੇ ਨਾਲ ਹੀ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪੱਛਮੀ ਬੰਗਾਲ ਦੇ ਕਿਸਾਨਾਂ ਦਾ ਝੋਨਾ ਪੂਰੀ ਤਰ੍ਹਾਂ ਨਹੀਂ ਖ਼ਰੀਦਿਆ। ਕਰੀਬ 49 ਲੱਖ ਟਨ ਝੋਨਾ ਸੂਬਾ ਸਰਕਾਰ ਨੂੰ ਖ਼ਰੀਦਣਾ ਪਿਆ ਹੈ। -ਪੀਟੀਆਈ