ਕੋਲਕਾਤਾ, 15 ਅਗਸਤ
ਤਕਨੀਕੀ ਕੰਪਨੀ ਗੂਗਲ ਐਡਵਾਂਸ ਏਆਈ ਟੂਲਸ ਦੀ ਸ਼ੁਰੂਆਤ ਦੇ ਨਾਲ ਭਾਰਤ ’ਤੇ ਵੀ ਆਪਣਾ ਧਿਆਨ ਵਧਾ ਰਹੀ ਹੈ। ਗੂਗਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੰਪਨੀ ਦਾ ਉਦੇਸ਼ ਭਾਸ਼ਾ ਦੀਆਂ ਰੁਕਾਵਟਾਂ ਨੂੰ ਤੋੜਨਾ ਅਤੇ ਉੱਨਤ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ। ਗੂਗਲ ਡੀਪ ਮਾਈਂਡ ਦੇ ਨਿਰਦੇਸ਼ਕ ਅਭਿਸ਼ੇਕ ਬਾਪਨਾ ਨੇ ਭਾਰਤ ਦੇ ਆਰਥਿਕ ਵਿਕਾਸ ਵਿੱਚ ਭਾਸ਼ਾ ਦੀਆਂ ਰੁਕਾਵਟਾਂ ਨੂੰ ਘਟਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ।
ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ-ਕੋਲਕਾਤਾ ਦੇ ਆਪਣੇ ਸੰਖੇਪ ਦੌਰੇ ’ਤੇ ਬਾਪਨਾ ਨੇ ਕਿਹਾ ਕਿ ਭਾਸ਼ਾ ਆਰਥਿਕ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। “ਉਦਾਹਰਣ ਵਜੋਂ, ਭਾਸ਼ਾ ਦੀ ਰੁਕਾਵਟ ਕਿਸੇ ਵਿਅਕਤੀ ਨੂੰ ਡਾਕਟਰੀ ਸਮੱਸਿਆਵਾਂ ਬਾਰੇ ਡਾਕਟਰ ਨੂੰ ਦੱਸਣ ਜਾਂ ਬੈਂਕਿੰਗ ਸੇਵਾਵਾਂ ਤੱਕ ਪਹੁੰਚ ਕਰਨ ਤੋਂ ਨਹੀਂ ਰੋਕ ਸਕਦੀ।”
ਤਕਨੀਕੀ ਦਿੱਗਜ ਕੰਪਨੀ ਨੇ ਗੂਗਲ ਜੇਮਿਨੀ (ਪਹਿਲਾਂ ਬਾਰਡ) ਨੂੰ ਪੇਸ਼ ਕੀਤਾ। ਇਹ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਚੈਟਬੋਟ ਹੈ ਜੋ ਨੌਂ ਭਾਰਤੀ ਭਾਸ਼ਾਵਾਂ ਸਮੇਤ ਦੁਨੀਆ ਦੀਆਂ 40 ਤੋਂ ਵੱਧ ਭਾਸ਼ਾਵਾਂ ਨੂੰ ਸਮਝਦਾ ਹੈ। ਬਾਪਨਾ ਨੇ ਕਿਹਾ ਕਿ ਗੂਗਲ ਦਾ ਫੋਕਸ ਭਾਸ਼ਾ ਦੀ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਕਰਨ ਅਤੇ ਭਵਿੱਖ ਵਿੱਚ ਹੋਰ ਭਾਰਤੀ ਭਾਸ਼ਾਵਾਂ ਨੂੰ ਜੋੜਨ ’ਤੇ ਹੈ।
ਵਰਤਮਾਨ ਵਿੱਚ, ਚੈਟਬੋਟ ਨੌਂ ਭਾਰਤੀ ਭਾਸ਼ਾਵਾਂ – ਹਿੰਦੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਤਾਮਿਲ, ਤੇਲਗੂ ਅਤੇ ਉਰਦੂ ਵਿੱਚ ਕੰਮ ਕਰਨ ਦੇ ਸਮਰੱਥ ਹੈ। –ਪੀਟੀਆਈ