ਨਵੀਂ ਦਿੱਲੀ, 4 ਅਕਤੂਬਰ
ਏਮਸ ਨੇ 16 ਅਕਤੂਬਰ ਤੋਂ ਆਊਟਪੇਸ਼ੈਂਟ ਡਿਪਾਰਟਮੈਂਟ (ਓਪੀਡੀ) ਰਜਿਸਟ੍ਰੇਸ਼ਨ ਕਾਊਂਟਰ ਉਤੇ ਤਾਇਨਾਤੀ ਆਊਟਸੋਰਸਡ ਮੁਲਾਜ਼ਮਾਂ ਦੇ ਮੋਬਾਈਲ ਫੋਨ ਵਰਤਣ ’ਤੇ ਪਾਬੰਦੀ ਲਾ ਦਿੱਤੀ ਹੈ। ਏਮਸ ਨੇ ਸੋਮਵਾਰ ਨੂੰ ਜਾਰੀ ਆਦੇਸ਼ ਵਿੱਚ ਇਸੇ ਤਰ੍ਹਾਂ ਦੇ ਰੁਝਾਨ ਕਾਰਨ ਮਰੀਜ਼ਾਂ ਨੂੰ ਅਸੁਵਿਧਾ ਅਤੇ ਸਿਹਤ ਸੇਵਾਵਾਂ ਵਿੱਚ ਦੇਰੀ ਹੋਣ ਦਾ ਹਵਾਲਾ ਦਿੱਤਾ। ਏਮਸ ਦੇ ਨਵਨਿਯੁਕਤ ਡਾਇਰੈਕਟਰ ਡਾ. ਐੱਮ. ਸ੍ਰੀਨਿਵਾਸ ਵੱਲੋਂ ਜਾਰੀ ਆਦੇਸ਼ ਮੁਤਾਬਕ, ਆਊਟਸੋਰਸਡ ਮੁਲਾਜ਼ਮ ਓਪੀਡੀ ’ਤੇ ਡਿਊਟੀ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਸਬੰਧਿਤ ਇੰਚਾਰਜਾਂ ਵੱਲੋਂ ਮੁਹੱਈਆ ਕਰਵਾਏ ਦਰਾਜਾਂ ਵਿੱਚ ਜਮ੍ਹਾਂ ਕਰਵਾਉਣਗੇ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਪਤਾ ਚੱਲਿਆ ਹੈ ਕਿ ਆਊਟਸੋਰਸਡ ਸਟਾਫ਼ ਓਪੀਡੀ ਰਜਿਸਟ੍ਰੇਸ਼ਨ ’ਤੇ ਕੰਮ ਕਰਦਿਆਂ ਮੋਬਾਈਲ ਫੋਨਾਂ ਦੀ ਵਰਤੋਂ ਕਰਦਾ ਹੈ, ਜਦੋਂਕਿ ਮਰੀਜ਼ ਲਾਈਨਾਂ ਵਿੱਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹੁੰਦੇ ਹਨ। ਇਸ ਦੇ ਰੁਝਾਨ ਕਾਰਨ ਸੇਵਾਵਾਂ ਵਿੱਚ ਦੇਰੀ ਅਤੇ ਮਰੀਜ਼ਾਂ ਨੂੰ ਅਸੁਵਿਧਾ ਹੁੰਦੀ ਹੈ। -ਪੀਟੀਆਈ