ਗਾਂਧੀਨਗਰ, 20 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਕੋਸ਼ਿਸ਼ ਸਾਲ 2025 ਤੱਕ ਰੱਖਿਆ ਉਤਪਾਦਨ ਕਾਰੋਬਾਰ 22 ਅਰਬ ਡਾਲਰ ਤੱਕ ਲਿਜਾਣ ਦੀ ਹੈ।
ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ’ਚ ਚੱਲ ਰਹੇ ਡਿਫੈਂਸ ਐਕਸਪੋ-2022 ਤਹਿਤ ‘ਰੱਖਿਆ ਲਈ ਨਿਵੇਸ਼’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਨਿਵੇਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਦਿਆਂ ਦੇ ਹੱਲ ਲਈ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਨਾਲ ਜਾਂ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ। ਰੱਖਿਆ ਮੰਤਰੀ ਨੇ ਨਿੱਜੀ ਖੇਤਰ ਦੇ ਨਿਵੇਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਭਾਰਤੀ ਰੱਖਿਆ ਉਦਯੋਗ ’ਚ ਨਿਵੇਸ਼ ਕਰਨ। ਉਨ੍ਹਾਂ ਕਿਹਾ ਕਿ ਵੱਡੇ ਉਦਯੋਗ ਹੀ ਨਹੀਂ, ਸਟਾਰਟ ਅੱਪ ਅਤੇ ਐੱਮਐੱਸਐੱਮਈ ਵੀ ਹੁਣ ਰੱਖਿਆ ਖੇਤਰ ਨਾਲ ਜੁੜੇ ਹਨ ਅਤੇ ਰੱਖਿਆ ਖੇਤਰ ਲਈ ਇਹ ਸੁਨਹਿਰਾ ਸਮਾਂ ਹੈ। ਰਾਜਨਾਥ ਸਿੰਘ ਨੇ ਕਿਹਾ,‘‘ਭਾਰਤੀ ਰੱਖਿਆ ਉਦਯੋਗ ਭਵਿੱਖ ਦਾ ਉਭਰਦਾ ਖੇਤਰ ਹੈ। ਰੱਖਿਆ ਖੇਤਰ ’ਚ ਮੌਕਿਆਂ ਦੀ ਕਮੀ ਨਹੀਂ ਹੈ। ਭਾਰਤ ਇਸ ਖੇਤਰ ’ਚ ਦੁਨੀਆ ਦੀ ਮੰਗ ਪੂਰੀ ਕਰਨ ਲਈ ਅੱਗੇ ਵਧ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਰੱਖਿਆ ਖੇਤਰ ’ਚ ਸਥਾਨਕ ਉਤਪਾਦਨ ਲਈ ਕਈ ਕਦਮ ਉਠਾਏ ਹਨ ਅਤੇ ਸੁਧਾਰ ਕੀਤੇ ਹਨ। ‘ਪਹਿਲਾਂ ਰੱਖਿਆ ਮੰਤਰਾਲੇ ਦੇ ਦਰਵਾਜ਼ੇ ਨਿੱਜੀ ਖੇਤਰਾਂ ਲਈ ਬੰਦ ਰਹਿੰਦੇ ਸਨ।
ਰੱਖਿਆ ਮੰਤਰੀ ਅਤੇ ਮੰਤਰਾਲੇ ਦੇ ਅਧਿਕਾਰੀ ਨਿਵੇਸ਼ਕਾਂ ਨਾਲ ਮੁਲਾਕਾਤ ਕਰਨ ਤੋਂ ਬਚਦੇ ਸਨ ਕਿਉਂਕਿ ਉਹ ਮੰਨਦੇ ਸਨ ਕਿ ਕੋਈ ਉਨ੍ਹਾਂ ’ਤੇ ਉਂਗਲੀ ਚੁੱਕ ਸਕਦਾ ਹੈ। ਪਰ ਸਾਨੂੰ ਇਸ ਦੀ ਫਿਕਰ ਨਹੀਂ ਹੈ ਅਤੇ ਅਸੀਂ ਆਪਣੇ ਦਰਵਾਜ਼ੇ ਨਿਵੇਸ਼ਕਾਂ ਲਈ ਖੁੱਲ੍ਹੇ ਰੱਖੇ ਹਨ।’ ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਦੀ ਰੱਖਿਆ ਅਤੇ ਆਰਥਿਕ ਤਾਕਤ ਇਕ ਦੂਜੇ ਦੇ ਪੂਰਕ ਹਨ ਅਤੇ ਦੇਸ਼ ਤਾਂ ਹੀ ਤਰੱਕੀ ਕਰੇਗਾ ਜਦੋਂ ਉਹ ਖ਼ਤਰਿਆਂ ਤੋਂ ਸੁਰੱਖਿਅਤ ਹੋਵੇਗਾ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਭਾਰਤ ਇਸ ਸੋਚ ਤੋਂ ਮੁਕਤੀ ਨਹੀਂ ਪਾ ਸਕਿਆ ਕਿ ਜੇਕਰ ਅਸੀਂ ਸਮਾਜਿਕ-ਆਰਥਿਕ ਵਿਕਾਸ ’ਤੇ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਸਾਨੂੰ ਰੱਖਿਆ ਸਮਰੱਥਾ ਨਾਲ ਸਮਝੌਤਾ ਕਰਨਾ ਪਵੇਗਾ ਪਰ ਹੁਣ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ ਸਾਲਾਂ ’ਚ ਦੇਸ਼ ਉਸ ਸੋਚ ਤੋਂ ਬਾਹਰ ਨਿਕਲ ਚੁੱਕਿਆ ਹੈ। -ਪੀਟੀਆਈ