ਹੈਦਰਾਬਾਦ: ਬਿਹਾਰ ਵਿਧਾਨ ਸਭਾ ਚੋਣਾਂ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਤੋਂ ਬਾਅਦ ਏਆਈਐੱਮਆਈਐੱਮ ਪਾਰਟੀ ਨੇ ਅੱਜ ਸਾਲ 2022 ਵਿਚ ਹੋਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ 100 ਸੀਟਾਂ ਤੋਂ ਲੜਨ ਦਾ ਐਲਾਨ ਕੀਤਾ ਹੈ। ਆਲ ਇੰਡੀਆ ਮਜਲਿਸ-ਏ-ਇਤਿਹਾਦੁਲ-ਮੁਸਲਮੀਨ (ਏਆਈਐੱਮਆਈਐੱਮ) ਦੇ ਪ੍ਰਧਾਨ ਅਸਦੂਦੀਨ ਓਵਾਇਸੀ ਨੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਓਮ ਪ੍ਰਕਾਸ਼ ਰਾਜਭਰ ਦੀ ਅਗਵਾਈ ਵਾਲੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਐੱਸਬੀਐੱਸਪੀ) ਤੇ ਛੋਟੇ ਪਾਰਟੀਆਂ ਦੇ ਗੱਠਜੋੜ ਭਾਗੀਦਾਰੀ ਸੰਕਲਪ ਮੋਰਚੇ ਨਾਲ ਮਿਲ ਕੇ ਲੜੇਗੀ।
ਹੈਦਰਾਬਾਦ ਦੇ ਸੰਸਦ ਮੈਂਬਰ ਨੇ ਹਿੰਦੀ ਵਿਚ ਟਵੀਟ ਕਰ ਕੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜੇਗੀ। ਉੰਜ ਉਹ ਆਮ ਤੌਰ ’ਤੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਆਪਣੇ ਸੁਨੇਹੇ ਅੰਗਰੇਜ਼ੀ ਭਾਸ਼ਾ ਵਿਚ ਹੀ ਪਾਉਂਦੇ ਹਨ। ਸ੍ਰੀ ਓਵਾਇਸੀ ਨੇ ਟਵੀਟ ਕੀਤਾ, ‘‘ਉੱਤਰ ਪ੍ਰਦੇਸ਼ ਚੋਣਾਂ ਦੇ ਸਬੰਧ ਵਿਚ ਅਸੀਂ 100 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰਨ ਦਾ ਫ਼ੈਸਲਾ ਲਿਆ ਹੈ। ਪਾਰਟੀ ਨੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਉਮੀਦਵਾਰਾਂ/ਇੱਛੁਕਾਂ ਲਈ ਅਰਜ਼ੀ ਫਾਰਮ ਕੱਢ ਦਿੱਤੇ ਗਏ ਹਨ।’’ ਇਕ ਹੋਰ ਟਵੀਟ ਵਿਚ ਉਨ੍ਹਾਂ ਕਿਹਾ, ‘‘ਅਸੀਂ ਓਪੀ ਰਾਜਭਰ ਸਾਹਿਬ, ਭਾਗੀਦਾਰੀ ਸੰਕਲਪ ਮੋਰਚਾ ਦੇ ਨਾਲ ਹਾਂ। ਚੋਣਾਂ ਜਾਂ ਗੱਠਜੋੜ ਸਬੰਧੀ ਕਿਸੇ ਹੋਰ ਪਾਰਟੀ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਹੈ।’’ -ਪੀਟੀਆਈ