ਨਵੀਂ ਦਿੱਲੀ, 26 ਜੂਨ
ਏਅਰ ਚੀਫ਼ ਮਾਰਸ਼ਲ ਵੀ ਆਰ ਚੌਧਰੀ ਨੇ ਕਿਹਾ ਹੈ ਕਿ ਭਾਰਤ ਨੂੰ ਅਸਥਿਰ ਪੱਛਮੀ ਅਤੇ ਉੱਤਰੀ ਸਰਹੱਦਾਂ ’ਤੇ ਮੌਜੂਦਾ ਹਾਲਾਤ ਨੂੰ ‘ਦੋ ਮੋਰਚਿਆਂ’ ਵਜੋਂ ਦੇਖਣਾ ਚਾਹੀਦਾ ਹੈ ਅਤੇ ਉਸੇ ਮੁਤਾਬਕ ਤਿਆਰੀ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਗੱਲ ਚੀਨ ਅਤੇ ਪਾਕਿਸਤਾਨ ਦੇ ਦੋਹਰੇ ਖ਼ਤਰੇ ਕਾਰਨ ਪੈਦਾ ਹੋਣ ਵਾਲੀਆਂ ਸੰਭਾਵਿਤ ਚੁਣੌਤੀਆਂ ਦੇ ਹਵਾਲੇ ਨਾਲ ਆਖੀ। ਖ਼ਬਰ ਏਜੰਸੀ ਨੂੰ ਦਿੱਤੇ ਵਿਸ਼ੇਸ਼ ਇੰਟਰਵਿਊ ’ਚ ਹਵਾਈ ਸੈਨਾ ਮੁਖੀ ਨੇ ਕਿਹਾ,‘‘ਭਵਿੱਖ ’ਚ ਭਾਰਤ ’ਤੇ ਹਰ ਪਾਸਿਆਂ ਤੋਂ ਹਮਲਾ ਹੋ ਸਕਦਾ ਹੈ। ਅਜਿਹੇ ’ਚ ਭਾਰਤ ਦੇ ਸੁਰੱਖਿਆ ਸਿਧਾਂਤ ਅਤੇ ਸਮਰੱਥਾ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੀਦਾ ਹੈ।’’ ਯੂਕਰੇਨ ਖ਼ਿਲਾਫ਼ ਰੂਸ ਦੇ ਹਮਲੇ ਨਾਲ ਚੀਨ ਨੂੰ ਅਸਲ ਕੰਟਰੋਲ ਰੇਖਾ ’ਤੇ ਹੋਰ ਹਮਲਾਵਰ ਰੁਖ ਅਪਣਾਏ ਜਾਣ ਦੀ ਹੱਲਾਸ਼ੇਰੀ ਮਿਲਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਆਲਮੀ ਘਟਨਾਵਾਂ ਨਾਲ ਭਾਰਤ-ਚੀਨ ਸਬੰਧਾਂ ’ਤੇ ਪੈਣ ਵਾਲੇ ਅਸਰ ਦਾ ਹਰ ਪੱਧਰ ’ਤੇ ਮੁਲਾਂਕਣ ਕੀਤਾ ਜਾ ਰਿਹਾ ਹੈ। ਪੂਰਬੀ ਲੱਦਾਖ ’ਚ ਸਰਹੱਦ ’ਤੇ ਚੀਨ ਵੱਲੋਂ ਅਸਲ ਕੰਟਰੋਲ ਰੇਖਾ ਨੇੜੇ ਤੇਜ਼ੀ ਨਾਲ ਹਵਾਈ ਸਾਜ਼ੋ-ਸਾਮਾਨ ਤਾਇਨਾਤ ਕਰਨ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਹਵਾਈ ਸੈਨਾ ਲੋੜ ਪੈਣ ’ਤੇ ਬਹੁਤ ਥੋੜ੍ਹੇ ਸਮੇਂ ’ਚ ਲੋੜੀਂਦੀ ਕਾਰਵਾਈ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਬਿਪਿਨ ਰਾਵਤ ਅਤੇ ਥਲ ਸੈਨਾ ਦੇ ਸਾਬਕਾ ਮੁਖੀ ਐੱਮ ਐੱਮ ਨਰਵਾਣੇ ਸਮੇਤ ਕਈ ਹੋਰ ਫ਼ੌਜੀ ਅਧਿਕਾਰੀਆਂ ਨੇ ਉੱਤਰੀ ਅਤੇ ਪੱਛਮੀ ਮੋਰਚਿਆਂ ’ਤੇ ਖ਼ਤਰਿਆਂ ਨੂੰ ਲੈ ਕੇ ਚਿੰਤਾ ਜਤਾਈ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਮੌਜੂਦਾ ਹਵਾਈ ਸੈਨਾ ਮੁਖੀ ਨੇ ਅਜਿਹੇ ਖ਼ਤਰਿਆਂ ਦੇ ਟਾਕਰੇ ਲਈ ਵਿਸਤ੍ਰਿਤ ਯੋਜਨਾ ਬਣਾਉਣ ਦਾ ਸੱਦਾ ਦਿੱਤਾ ਹੈ। -ਪੀਟੀਆਈ