ਨਵੀਂ ਦਿੱਲੀ, 5 ਅਕਤੂਬਰ
ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਅੱਜ ਕਿਹਾ ਕਿ ਭਾਰਤ ਦੋ ਮੁਹਾਜ਼ਾਂ ’ਤੇ ਜੰਗ ਸਮੇਤ ਕਿਸੇ ਵੀ ਸਥਿਤੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤੀ ਹਵਾਈ ਸੈਨਾ ਮੁਖੀ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਚੀਨ ਨਾਲ ਜਾਰੀ ਸਰਹੱਦੀ ਤਣਾਅ ਦਰਮਿਆਨ ਚੀਨ ਮੁਕਾਬਲੇ ਭਾਰਤ ਕਿਤੇ ਬਿਹਤਰ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ, ‘ਅਸੀਂ ਇਹ ਯਕੀਨ ਦਿਵਾਉਂਦੇ ਹਾਂ ਕਿ ਸਾਡੀਆਂ ਫ਼ੌਜਾਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਉੱਥੇ ਪੂਰੀ ਮਜ਼ਬੂਤੀ ਤੇ ਮੁਸਤੈਦੀ ਨਾਲ ਤਾਇਨਾਤ ਹਨ।’ ਭਦੌਰੀਆ ਨੇ ਕਿਹਾ ਕਿ ਉਨ੍ਹਾਂ ਸਾਰੇ ਸੰਵੇਦਨਸ਼ੀਲ ਤੇ ਰਣਨੀਤਕ ਤੌਰ ’ਤੇ ਮਹੱਤਵਪੂਰਣ ਖੇਤਰਾਂ ਵਿੱਚ ਤਾਇਨਾਤੀ ਕੀਤੀ ਹੈ ਤੇ ਲੱਦਾਖ ਤਾਂ ਇਕ ਛੋਟਾ ਜਿਹਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਵਿੱਚ ਬਹੁਤ ਤੇਜ਼ੀ ਨਾਲ ਬਦਲਾਅ (ਤਕਨੀਕ ਤੇ ਆਧੁਨਿਕ ਹਥਿਆਰਾਂ ਪੱਖੋਂ) ਆਇਆ ਹੈ। -ਪੀਟੀਆਈ