ਨਵੀਂ ਦਿੱਲੀ, 15 ਅਕਤੂਬਰ
ਰਾਫ਼ਾਲ ਜੈੱਟਾਂ ਦੀ ਦੂਜੀ ਖੇਪ ਨੂੰ ਸ਼ਾਮਲ ਕਰਨ ਦੀਆਂ ਤਿਆਰੀਆਂ ਤਹਿਤ ਭਾਰਤੀ ਹਵਾਈ ਸੈਨਾ ਨੇ ਸਾਜ਼ੋ-ਸਾਮਾਨ ਸਬੰਧੀ ਮੁੱਦਿਆਂ ਨੂੰ ਦੇਖਣ ਅਤੇ ਉਥੇ ਸੇਂਟ-ਡਿਜ਼ੀਅਰ ਏਅਰਬੇਸ ’ਤੇ ਚੋਣਵੇਂ ਪਾਇਲਟਾਂ ਦੀ ਸਿਖਲਾਈ ਦੀ ਸਮੀਖਿਆ ਲਈ ਅਧਿਕਾਰੀਆਂ ਦਾ ਇਕ ਦਲ ਫਰਾਂਸ ਭੇਜਿਆ ਹੈ। ਚਾਰ ਹੋਰ ਰਾਫ਼ਾਲ ਜੈੱਟ ਅਗਲੇ ਚਾਰ ਹਫ਼ਤਿਆਂ ’ਚ ਭਾਰਤ ਪਹੁੰਚ ਸਕਦੇ ਹਨ। ਪੰਜ ਰਾਫ਼ਾਲ ਜੈੱਟ 29 ਜੁਲਾਈ ਨੂੰ ਭਾਰਤ ਆਏ ਸਨ। ਇਸ ਤੋਂ ਪਹਿਲਾਂ ਕਰੀਬ ਚਾਰ ਸਾਲ ਪਹਿਲਾਂ ਭਾਰਤ ਨੇ ਫਰਾਂਸ ਨਾਲ 59 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਅਜਿਹੇ 36 ਜੈੱਟ ਖ਼ਰੀਦਣ ਦਾ ਸਮਝੌਤਾ ਕੀਤਾ ਸੀ। ਹਵਾਈ ਸੈਨਾ ਦੀ ਰਾਫ਼ਾਲ ਪ੍ਰੋਜੈਕਟ ਪ੍ਰਬੰਧਨ ਟੀਮ ਦਾ ਇਕ ਦਫ਼ਤਰ ਪੈਰਿਸ ’ਚ ਹੈ ਜਿਸ ਦੀ ਅਗਵਾਈ ਗਰੁੱਪ ਕੈਪਟਨ ਰੈਂਕ ਦੇ ਅਧਿਕਾਰੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰਾਫ਼ਾਲ ਜੈੱਟਾਂ ਦੀ ਪਹਿਲੀ ਖੇਪ 10 ਸਤੰਬਰ ਨੂੰ ਹਵਾਈ ਸੈਨਾ ’ਚ ਸ਼ਾਮਲ ਕੀਤੀ ਗਈ ਸੀ। -ਪੀਟੀਆਈ