ਨਵੀਂ ਦਿੱਲੀ, 26 ਅਪਰੈਲ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਅਰ ਇੰਡੀਆ ਨੇ ਅੱਜ ਆਪਣੀ ਨਿਊਯਾਰਕ-ਦਿੱਲੀ ਉਡਾਣ ਰਾਹੀਂ 318 ਆਕਸੀਜਨ ਕੰਸਨਟਰੇਟਰ ਰਾਜਧਾਨੀ ਦਿੱਲੀ ਲਿਆਂਦੇ ਹਨ। ਦੇਸ਼ ਦੇ ਵੱਖ-ਵੱਖ ਹਸਪਤਾਲ ਐਮਰਜੈਂਸੀ ਸਪਲਾਈ ਮਿਲਣ ਦੇ ਬਾਵਜੂਦ ਅੱਜ ਵੀ ਮੈਡੀਕਲ ਆਕਸੀਜਨ ਦੀ ਘਾਟ ਨਾਲ ਜੂਝਦੇ ਰਹੇ। ਜ਼ਿਕਰਯੋਗ ਹੈ ਕਿ ਆਕਸੀਜਨ ਦੀ ਘਾਟ ਦੇ ਚੱਲਦਿਆਂ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ ਸ਼ਨਿਚਰਵਾਰ ਨੂੰ 20 ਮਰੀਜ਼ਾਂ ਦੀ ਮੌਤ ਹੋ ਗਈ ਸੀ। ਸ੍ਰੀ ਪੁਰੀ ਨੇ ਅੱਜ ਟਵੀਟ ਕੀਤਾ, ‘ਮਹਾਮਾਰੀ ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਮਜ਼ਬੂਤ ਕਰਨ ਲਈ ਸਾਰੇ ਯਤਨ ਜਾਰੀ ਹਨ। ਜੇਐੱਫਕੇ ਹਵਾਈ ਅੱਡੇ ਤੋਂ 318 ਫਿਲਿਪ ਆਕਸੀਜਨ ਕੰਸਨਟਰੇਟਰ ਲੈ ਕੇ ਏਅਰ ਇੰਡੀਆ ਦੀ ਉਡਾਣ ਦਿੱਲੀ ਹਵਾਈ ਅੱਡੇ ’ਤੇ ਉੱਤਰੀ।’ ਇਸੇ ਦੌਰਾਨ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਦੇ ਮਾਲ ਢੋਣ ਵਾਲੇ ਜਹਾਜ਼ ਰਾਹੀਂ ਦੁਬਈ ਤੋਂ ਆਕਸੀਜਨ ਵਾਲੇ ਦੋ ਖਾਲੀ ਕੰਟੇਨਰ ਲਿਆਂਦੇ ਜਾਣਗੇ। ਗ੍ਰਹਿ ਮੰਤਰਾਲੇ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਕਰੋਨਾ ਲਾਗ ਦੇ ਮੌਜੂਦਾ ਉਭਾਰ ਕਾਰਨ ਆਕਸੀਜਨ ਦੀ ਵਧ ਰਹੀ ਮੰਗ ਦੀ ਪੂਰਤੀ ਦੇ ਯਤਨਾਂ ਤਹਿਤ ਕੰਟੇਨਰ ਲਿਆਉਣ ਲਈ ਹਵਾਈ ਫ਼ੌਜ ਦਾ ਸੀ-17 ਜਹਾਜ਼ ਅੱਜ ਦੁਬਈ ਪਹੁੰਚ ਚੁੱਕਾ ਹੈ। -ਪੀਟੀਆਈ