ਤਿਰੂਵਨੰਤਪੁਰਮ, 22 ਅਗਸਤ
ਮੁੰਬਈ ਤੋਂ ਤਿਰੂਵਨੰਤਪੁਰਮ ਆ ਰਹੀ ਏਅਰ ਇੰਡੀਆ ਦੀ ਉਡਾਣ ਏਆਈ-657 ਦੇ ਬਾਥਰੂਮ ’ਚ ਬੰਬ ਹੋਣ ਦੀ ਧਮਕੀ ਵਾਲਾ ਸੁਨੇਹਾ ਮਿਲਣ ਮਗਰੋਂ ਅੱਜ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਮਰਜੈਂਸੀ ਐਲਾਨ ਦਿੱਤੀ ਗਈ ਪਰ ਇਹ ਧਮਕੀ ਅਫਵਾਹ ਸਾਬਤ ਹੋਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਤਿਰੂਵਨੰਤਪੁਰਮ ਸਿਟੀ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੰਬ ਧਮਕੀ ਸਿਰਫ ਇੱਕ ਅਫਵਾਹ ਸੀ। ਪੁਲੀਸ ਨੇ ਇਹ ਵੀ ਕਿਹਾ ਕਿ ਸੁੁਰੱਖਿਆ ਏਜੰਸੀਆਂ ਵੱਲੋੋਂ ਜਹਾਜ਼ ਦੀ ਤਲਾਸ਼ੀ ਦੌਰਾਨ ਕੋਈ ਵੀ ਵਿਸਫੋਟਕ ਨਹੀਂ ਮਿਲਿਆ। ਹਵਾਈ ਅੱਡੇ ਦੇ ਸੂਤਰਾਂ ਮੁਤਾਬਕ ਏਅਰਪੋਰਟ ’ਤੇ ਸਵੇਰੇ ਐਲਾਨੀ ਗਈ ਐਮਰਜੈਂਸੀ ਦੁਪਹਿਰ 12.10 ਵਜੇ ਵਾਪਸ ਲੈ ਲਈ ਗਈ। ਉਨ੍ਹਾਂ ਦੱਸਿਆ ਕਿ ਇਸ ਉਡਾਣ ਦੇ 135 ਯਾਤਰੀਆਂ 12.45 ਵਜੇ ਜਾਣ ਦੀ ਆਗਿਆ ਦਿੱਤੀ ਗਈ। ਇਸ ਤੋਂ ਪਹਿਲਾਂ 135 ਯਾਤਰੀਆਂ ਨਾਲ ਇਹ ਉਡਾਣ ਸਵੇਰੇ 8 ਵਜੇ ਦੇ ਕਰੀਬ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰੀ ਅਤੇ ਉਸ ਨੂੰ ਆਈਸੋਲੇਸ਼ਨ ਵੇਅ ‘ਤੇ ਲਿਜਾਇਆ ਗਿਆ। -ਪੀਟੀਆਈ