ਨਵੀਂ ਦਿੱਲੀ, 2 ਅਗਸਤ
ਮੱਧ ਪੂਰਬ ’ਚ ਤਣਾਅ ਵਧਣ ਕਾਰਨ ਏਅਰ ਇੰਡੀਆ ਨੇ ਤਲ ਅਵੀਵ ਲਈ ਆਪਣੀਆਂ ਉਡਾਣਾਂ 8 ਅਗਸਤ ਤੱਕ ਲਈ ਮੁਅੱਤਲ ਕਰ ਦਿੱਤੀਆਂ ਹਨ। ਇਜ਼ਰਾਇਲੀ ਸ਼ਹਿਰ ਲਈ ਕੌਮੀ ਰਾਜਧਾਨੀ ਤੋਂ ਹਫ਼ਤੇ ’ਚ ਪੰਜ ਉਡਾਣਾਂ ਜਾਂਦੀਆਂ ਹਨ। ਏਅਰ ਇੰਡੀਆ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਉਹ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ। ਏਅਰ ਇੰਡੀਆ ਨੇ ਵੀਰਵਾਰ ਨੂੰ ਤਲ ਅਵੀਵ ਲਈ ਆਪਣੀ ਉਡਾਣ ਰੱਦ ਕਰ ਦਿੱਤੀ ਸੀ। ਏਅਰਲਾਈਨ ਨੇ ਇਹ ਵੀ ਕਿਹਾ ਕਿ ਉਹ ਇਸ ਸਮੇਂ ਦੌਰਾਨ ਤਲ ਅਵੀਵ ਤੋਂ ਆਉਣ ਅਤੇ ਜਾਣ ਵਾਲੇ ਮੁਸਾਫ਼ਰਾਂ ਦੀ ਟਿਕਟ ਬੁਕਿੰਗ ਮੁੜ ਤੈਅ ਅਤੇ ਰੱਦ ਕਰਨ ’ਤੇ ਇਕ ਵਾਰ ਦੀ ਛੋਟ ਸਬੰਧੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਇਸ ਸਾਲ ਦੀ ਸ਼ੁਰੂਆਤ ’ਚ ਵੀ ਪੱਛਮੀ ਏਸ਼ੀਆ ’ਚ ਤਣਾਅ ਕਾਰਨ ਏਅਰ ਇੰਡੀਆ ਨੇ ਵੱਖ ਵੱਖ ਸਮੇਂ ’ਤੇ ਤਲ ਅਵੀਵ ਲਈ ਉਡਾਣਾਂ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਸਨ। -ਪੀਟੀਆਈ