ਨਵੀਂ ਦਿੱਲੀ, 21 ਮਈ
ਏਅਰ ਇੰਡੀਆ ਪੈਸੰਜਰ ਸਰਵਿਸ ਸਿਸਟਮ ਪ੍ਰੋਵਾਈਡਰ (ਸੀਟਾ) ਵਿਚ ਯੋਜਨਾਬੱਧ ਢੰਗ ਨਾਲ ਫਰਵਰੀ ਵਿਚ ਸਾਈਬਰ ਹਮਲਾ ਹੋਇਆ ਸੀ ਜਿਸ ਕਾਰਨ ਇਸ ਹਵਾਈ ਕੰਪਨੀ ਵਿਚ ਸਫਰ ਕਰਨ ਵਾਲੇ ਵੱਡੀ ਗਿਣਤੀ ਯਾਤਰੀਆਂ ਦੀ ਨਿੱਜੀ ਜਾਣਕਾਰੀ ਲੀਕ ਹੋ ਗਈ ਸੀ। ਕੰਪਨੀ ਨੇ ਇਹ ਜਾਣਕਾਰੀ ਅੱਜ ਦਿੰਦਿਆਂ ਦੱਸਿਆ ਕਿ ਯਾਤਰੀਆਂ ਦਾ ਨਾਂ, ਜਨਮ ਮਿਤੀ, ਸੰਪਰਕ ਨੰਬਰ, ਪਾਸਪੋਰਟ ਤੇ ਟਿਕਟ ਦੇ ਵੇਰਵੇ ਅਤੇ ਕਰੈਡਿਟ ਕਾਰਡ ਸਬੰਧੀ ਵੇਰਵੇ ਲੀਕ ਹੋ ਗਏ ਸਨ, ਇਹ ਵੇਰਵੇ 11 ਅਗਸਤ 2011 ਤੋਂ 3 ਫਰਵਰੀ 2021 ਦਰਮਿਆਨ ਸਨ। ਏਅਰ ਇੰਡੀਆ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਡਾਟਾ ਸੰਭਾਲਣ ਵਾਲੀ ਕੰਪਨੀ ਨੇ ਸੁਰੱਖਿਆ ਮਾਪਦੰਡ ਵਰਤੇ ਤੇ ਆਪਣੇ ਯਾਤਰੀਆਂ ਨੂੰ ਸਮੇਂ ਸਮੇਂ ’ਤੇ ਪਾਸਵਰਡ ਬਦਲਣ ਲਈ ਜਾਗਰੂਕ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਵਿਸ਼ਵ ਭਰ ਦੇ ਇਸ ਹਵਾਈ ਕੰਪਨੀ ਵਿਚ ਸਫਰ ਕਰਨ ਵਾਲੇ 45 ਲੱਖ ਯਾਤਰੀਆਂ ਦਾ ਡਾਟਾ ਲੀਕ ਹੋਇਆ ਸੀ।-ਪੀਟੀਆਈ