ਨਵੀਂ ਦਿੱਲੀ: ਟਾਟਾ ਦੀ ਮਾਲਕੀ ਵਾਲੀ ਏਅਰਲਾਈਨ ਏਅਰ ਇੰਡੀਆ ਕੌਮਾਂਤਰੀ ਪੱਧਰ ’ਤੇ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਲਈ ਅਗਲੇ ਤਿੰਨ ਮਹੀਨਿਆਂ ਵਿੱਚ ਬਰਮਿੰਘਮ, ਲੰਡਨ ਤੇ ਸਾਂ ਫਰਾਂਸਿਸਕੋ ਲਈ 20 ਵਾਧੂ ਹਫ਼ਤਾਵਾਰੀ ਉਡਾਣਾਂ ਸ਼ੁਰੂ ਕਰੇਗੀ। ਏਅਰਲਾਈਨ ਨੇ ਇਕ ਬਿਆਨ ਵਿੱਚ ਕਿਹਾ ਕਿ ਹਫ਼ਤੇ ਵਿੱਚ ਪੰਜ ਵਧੀਕ ਉਡਾਣਾਂ ਬਰਮਿੰਘਮ, 9 ਲੰਡਨ ਤੇ ਛੇ ਸਾਂ ਫਰਾਂਸਿਸਕੋ ਲਈ ਚੱਲਣਗੀਆਂ ਤੇ ਗਾਹਕਾਂ ਨੂੰ ਹਰ ਹਫ਼ਤੇ 5000 ਤੋਂ ਵੱਧ ਵਧੀਕ ਸੀਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਏਅਰਲਾਈਨ ਦੀ ਇਸ ਪੇਸ਼ਕਦਮੀ ਨਾਲ ਏਅਰ ਇੰਡੀਆ ਦੀ ਹਰ ਹਫ਼ਤੇ ਯੂਕੇ ਜਾਂਦੀਆਂ 34 ਉਡਾਣਾਂ ਦੀ ਗਿਣਤੀ ਵਧ ਕੇ 48 ਹੋ ਜਾਵੇਗੀ। ਹਰ ਹਫ਼ਤੇ ਬਰਮਿੰਘਮ ਜਾਣ ਵਾਲੀਆਂ ਵਾਧੂ ਪੰਜ ਉਡਾਣਾਂ ਵਿੱਚੋਂ ਤਿੰਨ ਦਿੱਲੀ ਤੇ ਦੋ ਅੰਮ੍ਰਿਤਸਰ ਤੋਂ ਚੱਲਣਗੀਆਂ। ਲੰਡਨ ਲਈ ਉਡਾਰੀ ਭਰਨ ਵਾਲੀਆਂ 9 ਵਾਧੂ ਫਲਾਈਟਾਂ ’ਚੋਂ ਪੰਜ ਮੁੰਬਈ, ਤਿੰਨ ਦਿੱਲੀ ਅਤੇ ਇਕ ਅਹਿਮਦਾਬਾਦ ਤੋਂ ਹੋਵੇਗੀ। ਰਿਲੀਜ਼ ਮੁਤਾਬਕ ਭਾਰਤ ਦੇ ਸੱਤ ਸ਼ਹਿਰਾਂ ਤੋਂ ਯੂਕੇ ਦੀ ਰਾਜਧਾਨੀ ਲਈ ਹੁਣ ਏਅਰ ਇੰਡੀਆ ਦੀ ਨਾਨ-ਸਟਾਪ ਉਡਾਣਾਂ ਚੱਲਣਗੀਆਂ। ਇਸੇ ਤਰ੍ਹਾਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਦੀ ਗਿਣਤੀ ਵੀ 34 ਤੋਂ ਵੱਧ ਕੇ 40 ਹੋ ਜਾਵੇਗੀ। -ਪੀਟੀਆਈ