ਨਵੀਂ ਦਿੱਲੀ, 7 ਨਵੰਬਰ
ਕੇਂਦਰੀ ਸਿਹਤ ਮੰਤਰਾਲੇ ਦੇ ਅਨੁਮਾਨ ਮੁਤਾਬਕ ਹਵਾ ਵਿਚ ਮੌਜੂਦ ਕਾਰਸੀਨੋਜੈਨਸ ਦੇ ਵਧੇਰੇ ਸੰਪਰਕ ਵਿਚ ਆਉਣ ਕਰਕੇ ਭਾਰਤ ਵਿਚ ਫੇਫੜਿਆਂ, ਬਲੈਡਰ, ਛਾਤੀ, ਗਦੂਦ ਅਤੇ ਬਲੱਡ ਕੈਂਸਰ ਰਿਹੇ ਮਾਮਲੇ ਵੱਧ ਰਹੇ ਹਨ। ਸਿਹਤ ਮਾਹਿਰਾਂ ਨੇ ਅੱਜ ਕੌਮੀ ਕੈਂਸਰ ਜਾਗਰੂਕਤਾ ਦਿਹਾੜੇ ਮੌਕੇ ਇਹ ਦਾਅਵਾ ਕੀਤਾ ਹੈ। ਦੇਸ਼ ਵਿਚ ਕੈਂਸਰ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਇਹ ਜਾਗਰੂਕਤਾ ਦਿਹਾੜਾ 7 ਨਵੰਬਰ ਨੂੰ ਮਨਾਇਆ ਜਾਂਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਜੀਵਨ ਸ਼ੈਲੀ ਵਿਚ ਬਦਲਾਅ, ਤਮਾਕੂ ਦੀ ਵਰਤੋਂ, ਖਾਣ ਪੀਣ ਨਾਲ ਜੁੜੀਆਂ ਬੁਰੀਆਂ ਆਦਤਾਂ ਤੇ ਲੋੜੋਂ ਘੱਟ ਸਰੀਰਕ ਸਰਗਰਮੀਆਂ ਕਰਕੇ ਕੈਂਸਰ ਦੇ ਕੇਸਾਂ ਵਿਚ ਤੇਜ਼ੀ ਨਾਲ ਇਜ਼ਾਫ਼ਾ ਹੋਇਆ ਹੈ।
ਸਿਹਤ ਮੰਤਰਾਲੇ ਦੇ ਅਨੁਮਾਨ ਮੁਤਾਬਕ ਸਾਲਾਨਾ ਲੱਖਾਂ ਕੈਂਸਰ ਦੇ ਨਵੇਂ ਕੇਸ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਨ੍ਹਾਂ ਵਿਚੋਂ ਤੰਬਾਕੂ ਕਾਰਨ 35 ਤੋਂ 50 ਫੀਸਦ ਕੇਸ ਪੁਰਸ਼ਾਂ ਤੇ 17 ਫੀਸਦ ਮਹਿਲਾਵਾਂ ਵਿਚ ਦੇਖੇ ਗਏ ਹਨ। ਏਮਸ ਵਿਚ ਡਾ. ਬੀਆਰ ਅੰਬੇਦਕਰ ਇੰਸਟੀਚਿਊਟ ਰੋਟੇਰੀ ਕੈਂਸਰ ਹਸਪਤਾਲ ਦੇ ਰੈਡੀਏਸ਼ਨ ਓਨਕੋਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਅਭਿਸ਼ੇਕ ਸ਼ੰਕਰ ਨੇ ਕਿਹਾ, ‘‘ਤੰਬਾਕੂ ਤੇ ਸ਼ਰਾਬ ਦੀ ਵਰਤੋਂ, ਐੱਚਪੀਵੀ ਜਿਹੀ ਲਾਗ, ਹੈਪਾਟਾਈਟਸ ਵਾਇਰਸ ਤੇ ਹੈਲੀਕੋਬੈਕਟਰ ਪਾਇਲੋਰੀ, ਜੀਵਨ ਸ਼ੈਲੀ ਵਿਚ ਬਦਲਾਅ, ਵਾਤਾਵਰਨ ਕਾਰਨ, ਮਾੜੀਆਂ ਖਾਣ ਆਦਤਾਂ ਤੇ ਆਲਸੀ ਜੀਵਨਸ਼ੈਲੀ ਇਸ ਦੇ ਪ੍ਰਮੁੱਖ ਕਾਰਨਾਂ ਵਿਚ ਸ਼ੁਮਾਰ ਹਨ। ਉਨ੍ਹਾਂ ਕਿਹਾ, ‘‘ਹਵਾ ਪ੍ਰਦੂਸ਼ਣ ਦਾ ਸਿਖਰਲਾ ਪੱਧਰ ਖਾਸ ਕਰਕੇ ਪੀਐੱਮ2.5 ਦਾ ਅਸਰ, ਫੇਫੜਿਆਂ ਦਾ ਕੈਂਸਰ ਵਧਣ ਦਾ ਕਾਰਨ ਹਨ। ਕੈਂਸਰ ਦੀ ਇਹ ਲਾਗ ਉਨ੍ਹਾਂ ਲੋਕਾਂ ਨੂੰ ਵੀ ਚਿੰਬੜੀ ਹੈ ਜੋ ਸਿਗਰਟਨੋਸ਼ੀ ਨਹੀਂ ਕਰਦੇ। ਸਨਅਤੀ ਰਹਿੰਦ-ਖੂੰਹਦ ਕਰਕੇ ਪਾਣੀ ਤੇ ਮਿੱਟੀ ਦੂਸ਼ਿਤ ਹੋਣ ਕਰਕੇ ਵੱਖ ਵੱਖ ਤਰ੍ਹਾਂ ਦੇ ਕੈਂਸਰਾਂ ਦਾ ਜੋਖ਼ਮ ਵੱਧ ਰਿਹਾ ਹੈ। ਦਿੱਲੀ ਐੱਨਸੀਆਰ ਵਿਚ ਇਸ ਵੇਲੇ ਹਵਾ ਦੀ ਗੁਣਵੱਤਾ ਬਹੁਤ ਚਿੰੰਤਾਜਨਕ ਪੱਧਰ ਉੱਤੇ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸ਼ਹਿਰ ਵਿਚ ਔਸਤ ਹਵਾ ਗੁਣਵੱਤਾ ਸੂਚਕ ਅੰਕ 362 ਹੈ। -ਆਈਏਐੱਨਐੱਸ
ਭਾਰਤ ’ਚ ਹਰ ਸਾਲ ਕੈਂਸਰ ਦੇ 14 ਲੱਖ ਨਵੇਂ ਮਰੀਜ਼ ਤੇ 9 ਲੱਖ ਮੌਤਾਂ
ਭਾਰਤ ਵਿਚ ਕੈਂਸਰ ਦੀ ਦਰ ਤੇਜ਼ੀ ਨਾਲ ਵੱਧ ਰਹੀ ਹੈ। ਮੌਜੂਦਾ ਸਮੇਂ ਹਰੇਕ ਸਾਲ 14 ਲੱਖ ਤੋਂ ਵੱਧ ਨਵੇਂ ਕੈਂਸਰ ਮਰੀਜ਼ ਸਾਹਮਣੇ ਆ ਰਹੇ ਹਨ। ਸਾਲਾਨਾ ਕਰੀਬ 9 ਲੱਖ ਲੋਕ ਕੈਂਸਰ ਦੀ ਨਾਮੁਰਾਦ ਬਿਮਾਰੀ ਕਰਕੇ ਮੌਤ ਦੇ ਮੂੰਹ ਪੈ ਰਹੇ ਹਨ।’’