ਨਵੀਂ ਦਿੱਲੀ, 14 ਜੂਨ
ਇਕ ਸਰਵੇਖਣ ਦੀ ਮੰਨੀਏ ਤਾਂ ਭਾਰਤ ਵਿੱਚ ਹਵਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਸਭ ਤੋਂ ਵੱਡਾ ਖ਼ਤਰਾ ਹੈ ਅਤੇ ਜੇਕਰ ਆਲਮੀ ਸਿਹਤ ਸੰਸਥਾ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਦੀ ਪਾਲਣਾ ਨਾ ਕੀਤੀ ਗਈ ਤਾਂ ਭਾਰਤ ਵਿੱਚ ਰਹਿੰਦੇ ਹਰੇਕ ਵਿਅਕਤੀ ਦੀ ਉਮਰ ਔਸਤਨ ਪੰਜ ਸਾਲ ਘੱਟ ਜਾਵੇਗੀ।
ਯੂਨੀਵਰਸਿਟੀ ਆਫ਼ ਸ਼ਿਕਾਗੋ ਵਿੱਚ ਊਰਜਾ ਪਾਲਿਸੀ ਸੰਸਥਾਨ (ਈਪੀਆਈਸੀ) ਦੇ ਏਅਰ ਕੁਆਲਿਟੀ ਲਾਈਫ ਇੰਡੈਕਸ (ਏਕਿਊਐੱਲਆਈ) ਦੀ ਰਿਪੋਰਟ ਮੁਤਾਬਕ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ, ਜੋ ਵਿਸ਼ਵ ਦਾ ਸਭ ਤੋਂ ਪ੍ਰਦੂਸ਼ਿਤ ਮਹਾਨਗਰ ਹੈ, ਵਿੱਚ ਔਸਤਨ ਸਾਲਾਨਾ ਪੀਐੈੱਮ 2.5 ਲੈਵਲ 107 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਜਾਂ ਡਬਲਿਊਐੱਚਓ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤੋਂ 21 ਗੁਣਾਂ ਵੱਧ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਮੌਜੂਦਾ ਪੱਧਰ ਇੰਜ ਹੀ ਕਾਇਮ ਰਿਹਾ ਤਾਂ ਦਿੱਲੀ ਵਾਸੀ ਹਰੇਕ ਵਿਅਕਤੀ ਦੀ ਔਸਤ ਉਮਰ ਦਸ ਸਾਲ ਤੱਕ ਘੱਟ ਜਾਵੇਗੀ।
ਡਬਲਿਊਐੱਚਓ ਵੱਲੋਂ ਪਿਛਲੇ ਸਾਲ ਜਾਰੀ ਨਵੀਆਂ ਸੇਧਾਂ ਮੁਤਾਬਕ ਹਵਾ ਵਿੱਚ ਔਸਤਨ ਸਾਲਾਨਾ ਪੀਐੱਮ2.5 ਕੰਸਨਟਰੇਸ਼ਨ ਪੰਜ ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਸ ਤੋਂ ਪਹਿਲਾਂ ਇਹ 10 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਸੀ। ਏਕਿਊਐੱਲਆਈ, ਜੋ ਮਨੁੱਖ ਦੇ ਸੰਭਵ ਜੀਵਨ ਕਾਲ ਦੇ ਰੂਪ ਵਿੱਚ ਮਾਪਿਆ ਜਾਂਦਾ ਹੈ, ਮੁਤਾਬਕ ਹਵਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਵਿਸ਼ਵ ਦਾ ਸਭ ਤੋਂ ਵੱਡਾ ਜੋਖ਼ਮ ਹੈ। ਆਲਮੀ ਪੱਧਰ ’ਤੇ ਹਵਾ ਪ੍ਰਦੂਸ਼ਣ ਮਨੁੱਖ ਦੀ ਜ਼ਿੰਦਗੀ ਨੂੰ 2.2 ਸਾਲ ਘਟਾਉਂਦਾ ਹੈ। ਹਵਾ ਪ੍ਰਦੂਸ਼ਣ ਦੇ ਮਨੁੱਖੀ ਜ਼ਿੰਦਗੀ ’ਤੇ ਅਸਰ ਨੂੰ ਸਿਗਰਟਨੋਸ਼ੀ, ਸ਼ਰਾਬ ਦੀ ਵਰਤੋਂ ਅਤੇ ਅਸੁਰੱਖਿਅਤ ਪਾਣੀ, ਐੱਚਆਈਵੀ/ਏਡਜ਼, ਝਗੜੇ ਤੇ ਅਤਿਵਾਦ ਕਰਕੇ ਪੈਣ ਵਾਲੇ ਅਸਰ ਨਾਲ ਮੇਲਿਆ ਜਾ ਸਕਦਾ ਹੈ। ਰਿਪੋਰਟ ਮੁਤਾਬਕ, ‘‘ਵਿਸ਼ਵ ਦੇ ਸਾਰੇ ਮੁਲਕਾਂ ਦੇ ਮੁਕਾਬਲੇ, ਹਵਾ ਪ੍ਰਦੂਸ਼ਣ ਕਰਕੇ ਭਾਰਤ ਵਿੱਚ ਸਿਹਤ ’ਤੇ ਸਭ ਤੋਂ ਵੱਧ ਅਸਰ ਪੈਂਦਾ ਹੈ।’’ ਰਿਪੋਰਟ ਵਿੱਚ ਕਿਹਾ ਗਿਆ, ‘‘ਸਾਲ 2013 ਮਗਰੋਂ ਆਲਮੀ ਪੱਧਰ ’ਤੇ ਜਿਹੜਾ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ, ਉਸ ਵਿੱਚ 44 ਫੀਸਦ ਯੋਗਦਾਨ ਭਾਰਤ ਦਾ ਹੈ। ਜਿੱਥੇ ਪਾਰਟੀਕੁਲੇਟ ਪ੍ਰਦੂਸ਼ਣ ਦਾ ਪੱਧਰ 53 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ 56 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਵਧਿਆ ਹੈ, ਜੋ ਡਬਲਿਊਐੱਚਓ ਦੇ ਦਿਸ਼ਾ-ਨਿਰਦੇਸ਼ਾਂ ਨਾਲੋਂ 11 ਗੁਣਾਂ ਵੱਧ ਹੈ।’’ 1998 ਤੋਂ ਭਾਰਤ ਵਿੱਚ ਔਸਤਨ ਪਾਰਟੀਕੁਲੇਟ ਪ੍ਰਦੂਸ਼ਣ ਵਿੱਚ 61.4 ਫੀਸਦ ਦਾ ਇਜ਼ਾਫ਼ਾ ਹੋਇਆ ਹੈ, ਜਿਸ ਕਰਕੇ ਮਨੁੱਖ ਦੀ ਔਸਤਨ ਉਮਰ 2.1 ਸਾਲ ਘਟੀ ਹੈ। ਸਰਵੇਖਣ ਵਿੱਚ ਭਾਰਤ ’ਚ ਹਵਾ ਪ੍ਰਦੂਸ਼ਣ ਵਧਣ ਦਾ ਕਾਰਨ ਸਨਅਤੀਕਰਨ, ਆਰਥਿਕ ਵਿਕਾਸ ਤੇ ਪਿਛਲੇ ਦੋ ਦਹਾਕਿਆਂ ਵਿੱਚ ਵਧੀ ਆਬਾਦੀ ਨੂੰ ਦੱਸਿਆ ਗਿਆ ਹੈ। -ਪੀਟੀਆਈ