ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਗੁਜਰਾਤ ਦੇ ਵਡੋਦਰਾ ਵਿੱਚ ਏਅਰਬੱਸ ਅਤੇ ਟਾਟਾ ਸਮੂਹ ਵੱਲੋਂ ਏਅਰਫੋਰਸ ਲਈ ਸੀ-295 ਟਰਾਂਸਪੋਰਟ ਏਅਰਕ੍ਰਾਫਟ ਦੇ ਨਿਰਮਾਣ ਯੂਨਿਟ ਦਾ ਨੀਂਹ ਪੱਥਰ ਰੱਖਣਗੇ। ਇਸ ਨਾਲ ਘਰੇਲੂ ਹਵਾਈ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰੱਖਿਆ ਸਕੱਤਰ ਅਜੈ ਕੁਮਾਰ ਨੇ ਕਿਹਾ ਕਿ ਇਹ ਸਹੂਲਤ ਹਵਾਈ ਜਹਾਜ਼ ਦੀ ਬਰਾਮਦ ਦੇ ਨਾਲ-ਨਾਲ ਭਾਰਤੀ ਹਵਾਈ ਸੈਨਾ ਦੀਆਂ ਲੋੜਾਂ ਨੂੰ ਪੂਰਾ ਕਰੇਗੀ। ਪਿਛਲੇ ਸਾਲ ਸਤੰਬਰ ਵਿੱਚ, ਭਾਰਤ ਨੇ ਏਅਰ ਫੋਰਸ ਦੇ ਪੁਰਾਣੇ ਐਵਰੋ-748 ਜਹਾਜ਼ਾਂ ਨੂੰ ਬਦਲਣ ਲਈ 56 ਸੀ-295 ਜਹਾਜ਼ ਖਰੀਦਣ ਲਈ ਏਅਰਬੱਸ ਡਿਫੈਂਸ ਐਂਡ ਸਪੇਸ ਨਾਲ 21,000 ਕਰੋੜ ਰੁਪਏ ਤੋਂ ਵੱਧ ਦਾ ਕਰਾਰ ਕੀਤਾ ਸੀ। ਸਮਝੌਤੇ ਤਹਿਤ ਏਅਰਬੱਸ ਚਾਰ ਸਾਲਾਂ ਦੇ ਅੰਦਰ ਸੇਵਿਲ, ਸਪੇਨ ਵਿਚਲੀ ਆਪਣੀ ਅਸੈਂਬਲੀ ਲਾਈਨ ਤੋਂ 16 ਜਹਾਜ਼ ਭਾਰਤ ਨੂੰ ਦੇਵੇਗਾ ਅਤੇ ਰਹਿੰਦੇ 40 ਜਹਾਜ਼ਾਂ ਨੂੰ ਟਾਟਾ ਐਡਵਾਂਸਡ ਸਿਸਟਮ ਵੱਲੋਂ ਦੋਵਾਂ ਕੰਪਨੀਆਂ ਵਿਚਾਲੇ ਸਨਅਤੀ ਭਾਈਵਾਲੀ ਤਹਿਤ ਭਾਰਤ ਵਿੱਚ ਬਣਾਇਆ ਤੇ ਅਸੈਂਬਲ ਕੀਤਾ ਜਾਵੇਗਾ। ਇਹ ਆਪਣੀ ਕਿਸਮ ਦਾ ਪਹਿਲਾ ਪ੍ਰਾਜੈਕਟ ਹੈ ਜਿਸ ਵਿੱਚ ਨਿੱਜੀ ਕੰਪਨੀ ਵੱਲੋਂ ਭਾਰਤ ਵਿੱਚ ਫੌਜੀ ਜਹਾਜ਼ ਦਾ ਨਿਰਮਾਣ ਕੀਤਾ ਜਾਵੇਗਾ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 21,935 ਕਰੋੜ ਰੁਪਏ ਹੈ। ਜਹਾਜ਼ ਦੀ ਵਰਤੋਂ ਗੈਰ-ਫੌਜੀ ਉਦੇਸ਼ਾਂ ਲਈ ਵੀ ਕੀਤੀ ਜਾ ਸਕਦੀ ਹੈ। -ਪੀਟੀਆਈ