ਨਵੀਂ ਦਿੱਲੀ: ਦਿੱਲੀ ਦੀ ਅਦਾਲਤ ਨੇ ਏਅਰਸੈੱਲ-ਮੈਕਸਿਸ ਮਾਮਲੇ ਵਿਚ ਸੀਬੀਆਈ ਤੇ ਈਡੀ ਵੱਲੋਂ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਤੇ ਉਨ੍ਹਾਂ ਦੇ ਬੇਟੇ ਕਾਰਤੀ ਖ਼ਿਲਾਫ਼ ਦਾਇਰ ਦੋਸ਼ ਪੱਤਰ ਦਾ ਅੱਜ ਨੋਟਿਸ ਲਿਆ ਹੈ ਤੇ ਉਨ੍ਹਾਂ ਨੂੰ 20 ਦਸੰਬਰ ਨੂੰ ਤਲਬ ਕੀਤਾ ਹੈ। ਵਿਸ਼ੇਸ਼ ਜੱਜ ਨੇ ਇਸ ਗੱਲ ਉਤੇ ਗੌਰ ਕਰਦਿਆਂ ਹੁਕਮ ਦਿੱਤਾ ਕਿ ਸੀਬੀਆਈ ਤੇ ਈਡੀ ਵੱਲੋਂ ਦਰਜ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਚਿਦੰਬਰਮ ਤੇ ਹੋਰ ਦੋਸ਼ੀਆਂ ਨੂੰ ਸੰਮਨ ਭੇਜੇ ਜਾਣ ਲਈ ਕਾਫ਼ੀ ਸਬੂਤ ਹਨ। ਸੀਬੀਆਈ ਤੇ ਈਡੀ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਬਰਤਾਨੀਆ ਤੇ ਸਿੰਗਾਪੁਰ ਨੂੰ ਜਾਂਚ ਨਾਲ ਜੁੜੀ ਸੂਚਨਾ ਪ੍ਰਾਪਤ ਕਰਨ ਲਈ ਬੇਨਤੀ ਪੱਤਰ ਭੇਜੇ ਗਏ ਹਨ, ਇਸ ਸਬੰਧ ਵਿਚ ਗੱਲ ਹੁਣ ਅੱਗੇ ਵਧੀ ਹੈ। ਇਹ ਮਾਮਲਾ ਏਅਰਸੈੱਲ-ਮੈਕਸਿਸ ਸਮਝੌਤੇ ਲਈ ਵਿਦੇਸ਼ੀ ਨਿਵੇਸ਼ ਪਰਮੋਸ਼ਨ ਬੋਰਡ ਵੱਲੋਂ ਦਿੱਤੀ ਗਈ ਮਨਜ਼ੂਰੀ ਵਿਚ ਕਥਿਤ ਬੇਨਿਯਮੀਆਂ ਨਾਲ ਜੁੜਿਆ ਹੋਇਆ ਹੈ। -ਪੀਟੀਆਈ