ਨਵੀਂ ਦਿੱਲੀ (ਪੱਤਰ ਪ੍ਰੇਰਕ): ਲਖੀਮਪੁਰ ਖੀਰੀ ’ਚ ਕਿਸਾਨਾਂ ਨਾਲ ਹਮਦਰਦੀ ਜਤਾਉਣ ਲਈ ਜਾਣ ਦੀ ਕੋਸ਼ਿਸ਼ ਕਰ ਰਹੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਸਕੱਤਰ ਜਨਰਲ ਰਾਮ ਗੋਪਾਲ, ਪਾਰਟੀ ਐੱਮਐੱਲਸੀ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਅਹਿਮਦ ਹਸਨ ਅਤੇ ਹੋਰ ਆਗੂਆਂ ਨੂੰ ਲਖਨਊ ’ਚ ਅਖਿਲੇਸ਼ ਦੇ ਘਰ ਦੇ ਬਾਹਰ ਹਿਰਾਸਤ ਵਿੱਚ ਲੈ ਲਿਆ ਗਿਆ। ਅਖਿਲੇਸ਼ ਨੂੰ ਘਰ ’ਚ ਨਜ਼ਰਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਦੋਂ ਪਾਰਟੀ ਸਮਰਥਕ ਪਹੁੰਚੇ ਤਾਂ ਉਹ ਵੀ ਘਰ ਤੋਂ ਬਾਹਰ ਆ ਗਏ। ਅਖਿਲੇਸ਼ ਯਾਦਵ ਨੇ ਈਕੋ ਗਾਰਡਨ ਪਾਰਕ ਤੱਕ ਪੈਦਲ ਮਾਰਚ ਕਰਨ ਦੀ ਜ਼ਿਦ ਕੀਤੀ ਪਰ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਉਹ ਉਥੇ ਹੀ ਧਰਨਾ ਲਾ ਕੇ ਬੈਠ ਗਏ। ਇਸ ਦੌਰਾਨ ਪੁਲੀਸ ਦੀ ਇਕ ਜੀਪ ਨੂੰ ਅੱਗ ਲਗਾ ਦਿੱਤੀ ਗਈ। ਉਧਰ ਬਸਪਾ ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਨੂੰ ਵੀ ਲਖੀਮਪੁਰ ਜਾਣ ਤੋਂ ਰੋਕਣ ਲਈ ਲਖਨਊ ’ਚ ਰੋਕ ਦਿੱਤਾ ਗਿਆ। ਪਾਰਟੀ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਮਿਸ਼ਰਾ ਨੂੰ ਕੱਲ ਅੱਧੀ ਰਾਤ ਤੋਂ ਹੀ ਘਰ ’ਚ ਨਜ਼ਰਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਉਹ ਕਿਸਾਨਾਂ ਦਾ ਹਾਲ ਜਾਣਨ ਲਈ ਲਖੀਮਪੁਰ ਨਾ ਜਾ ਸਕਣ। ਇਸ ਦੌਰਾਨ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੂੰ ਪੁਲੀਸ ਨੇ ਖੈਰਾਬਾਦ ’ਚ ਹਿਰਾਸਤ ’ਚ ਲੈ ਲਿਆ। ਇਸ ਦੌਰਾਨ ਯੂਪੀ ਪੁਲੀਸ ਨੇ ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਨੂੰ ਵੀ ਲਖੀਮਪੁਰ ਖੀਰੀ ਜਾਣ ਤੋਂ ਰੋਕ ਦਿੱਤਾ। ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿੱਚ ਰੋਕਿਆ ਗਿਆ। -ਪੀਟੀਆਈ