ਲਖਨਊ, 23 ਜਨਵਰੀ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਲੋਕਾਂ ਨੂੰ ਅਮਰ ਜਵਾਨ ਜਯੋਤੀ ਦੀ ਯਾਦ ‘ਚ ਗਣਤੰਤਰ ਦਿਵਸ ‘ਤੇ ਲਾਟ ਜਗਾਉਣ ਦੀ ਅਪੀਲ ਕੀਤੀ ਹੈ। ਅਖਿਲੇਸ਼ ਯਾਦਵ ਨੇ ਹਿੰਦੀ ‘ਚ ਕੀਤੇ ਇਕ ਟਵੀਟ ‘ਚ ਕਿਹਾ, ”ਅਮਰ ਜਵਾਨ ਜਯੋਤੀ ’ਦੀ ਯਾਦ ‘ਚ ਇਸ ਵਾਰ 26 ਜਨਵਰੀ ਨੂੰ ਆਓ ਅਸੀਂ ਸਾਰੇ ਆਪਣੇ ਪੱਧਰ ‘ਤੇ ਇਕ ਲਾਟ ਜਗਾਈਏ ਅਤੇ ਮਿਲ ਕੇ ਇਕ ਦੇਸ਼ ਦੀ ਆਵਾਜ਼ ਬੁਲੰਦ ਕਰੀਏ। 26 ਜਨਵਰੀ ਨੂੰ ਅਹਿਦ ਲੈ ਕੇ ਅਸੀਂ ਅਮਰ ਜਵਾਨ ਜਯੋਤੀ ਨੂੰ ਇੱਕ ਵਾਰ ਫਿਰ ਰੌਸ਼ਨ ਕਰੀਏ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਦੇਸ਼ ਦੇ ਇਤਿਹਾਸ ਵਿੱਚ ਨਾਂ ਦਰਜ ਨਹੀਂ, ਉਹ ਇਤਿਹਾਸ ਨੂੰ ਬਦਲਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਇੱਕ ਸੰਖੇਪ ਸਮਾਗਮ ਵਿੱਚ, ਇੰਡੀਆ ਗੇਟ ‘ਤੇ ਸਥਿਤ ਅਮਰ ਜਵਾਨ ਜਯੋਤੀ ਦੀ ਲਾਟ ਨੂੰ 400 ਮੀਟਰ ਦੂਰ ਕੌਮੀ ਜੰਗੀ ਯਾਦਗਾਰ ਦੀ ਸਦੀਵੀ ਲਾਟ ਨਾਲ ਮਿਲਾ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਫਰਵਰੀ, 2019 ਨੂੰ ਕੌਮੀ ਜੰਗੀ ਯਾਦਗਾਰ ਦਾ ਉਦਘਾਟਨ ਕੀਤਾ ਸੀ। ਕਾਬਿਲੇਗੌਰ ਹੈ ਕਿ 1971 ਦੀ ਜੰਗ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ ਤੇ ਉਸ ਜੰਗ ਵਿੱਚ ਸ਼ਹੀਦ ਹੋਏ ਭਾਰਤੀ ਜਵਾਨਾਂ ਦੇ ਬਲਿਦਾਨ ਦੀ ਯਾਦ ਵਿੱਚ ਅਮਰ ਜਵਾਨ ਜਯੋਤੀ ਦੀ ਲਾਟ ਬਾਲੀ ਗਈ ਸੀ ਤੇ ਇਸ ਦਾ ਉਦਘਾਟਨ ਤਤਕਾਲੀ ਪ੍ਧਾਨ ਮੰਤਰੀ ਇੰਦਰਾ ਗਾਂਧੀ ਨੇ 26 ਜਨਵਰੀ, 1972 ਵਿੱਚ ਕੀਤਾ ਸੀ। –ਏਜੰਸੀ