ਲਖਨਊੁ, 1 ਸਤੰਬਰ
ਆਈਆਈਟੀ-ਬੀਐੱਚਯੂ (Indian Institute of Technology-Banaras Hindu University) ਜਬਰ ਜਨਾਹ ਕੇਸ ਦੇ ਤਿੰਨ ਵਿਚੋਂ ਦੋ ਮੁਲਜ਼ਮਾਂ ਦੀ ਜ਼ਮਾਨਤ ਉਤੇ ਰਿਹਾਈ ਦੇ ਮੁੱਦੇ ਉਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਉਤੇ ਜ਼ੋਰਦਾਰ ਹੱਲਾ ਬੋਲਦਿਆਂ ਭਾਜਪਾ ਆਗੂਆਂ ਦੇ ਮਹਿਲਾ ਸੁਰੱਖਿਆ ਬਾਰੇ ਦਾਅਵਿਆਂ ਨੂੰ ਪਾਖੰਡ ਕਰਾਰ ਦਿੱਤਾ ਹੈ।
‘ਐਕਸ’ ਵਿਚ ਇਕ ਪੋਸਟ ਰਾਹੀਂ ਸ੍ਰੀ ਯਾਦਵ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਮੁਲਜ਼ਮਾਂ ਦਾ ਰਿਹਾਈ ਤੋਂ ਬਾਅਦ ਜ਼ੋਰਦਾਰ ਸਵਾਗਤ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਸ੍ਰੀ ਯਾਦਵ ਨੇ ਕਿਹਾ ਕਿ ਸਰਕਾਰ ਵੱਲੋਂ ਕੇਸ ਦੀ ਮਜ਼ਬੂਤੀ ਨਾਲ ਪੈਰਵੀ ਨਾ ਕੀਤੇ ਜਾਣ ਕਾਰਨ ਮੁਲਜ਼ਮ ਰਿਹਾਅ ਹੋਏ ਹਨ।
ਵਾਇਰਲ ਵੀਡੀਓ ਵਿਚ ਰਿਹਾਅ ਹੋਏ ਦੋਵੇਂ ਮੁਲਜ਼ਮਾਂ ਅਭਿਸ਼ੇਕ ਪਾਂਡੇ ਅਤੇ ਕੁਣਾਲ ਪਾਂਡੇ ਦਾ ਨਿੱਘਾ ਸਵਾਗਤ ਹੋਣ ਅਤੇ ਕੇਕ ਕੱਟੇ ਜਾਣ ਦੇ ਦ੍ਰਿਸ਼ ਹਨ।
ਤਿੰਨਾਂ ਮੁਲਜ਼ਮਾਂ (ਤੀਜਾ ਮੁਲਜ਼ਮ ਸਕਸ਼ਮ ਪਟੇਲ) ਨੇ ਬੀਤੇ ਸਾਲ 1 ਨਵੰਬਰ ਦੀ ਰਾਤ ਨੂੰ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ-ਬਨਾਰਸ ਹਿੰਦੂ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਉਦੋਂ ਜਬਰ ਜਨਾਹ ਕੀਤਾ ਸੀ ਜਦੋਂ ਉਹ ਆਪਣੇ ਦੋਸਤ ਨਾਲ ਬਾਹਰ ਘੁੰਮਣ ਗਈ ਹੋਈ ਸੀ। -ਪੀਟੀਆਈ