ਲਖਨਊ, 8 ਜੂਨ
ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀਆਂ ਟਿੱਪਣੀਆਂ ਦਾ ਬਦਲਾ ਲੈਣ ਲਈ ਅਲ ਕਾਇਦਾ ਨੇ ਅਤਿਵਾਦੀ ਹਮਲੇ ਕਰਨ ਦੀਆਂ ਧਮਕੀਆਂ ਦਿੱਤੀਆਂ ਹਨ ਜਿਸ ਮਗਰੋਂ ਸਰਕਾਰ ਨੇ ਅੱਜ ਜਨਤਕ ਸੁਰੱਖਿਆ ਸਖਤ ਕਰ ਦਿੱਤੀ ਹੈ। ਅਲ ਕਾਇਦਾ ਨੇ ਇਹ ਧਮਕੀ ਇੱਕ ਪੱਤਰ ਜਾਰੀ ਕਰਕੇ ਦਿੱਤੀ ਹੈ। ਕਈ ਭਾਰਤੀ ਮੀਡੀਆ ਗਰੁੱਪਾਂ ਨੇ ਭਾਰਤੀ ਉਪ ਮਹਾਂਦੀਪ ’ਚ ਅਲ ਕਾਇਦਾ ਦੀ ਬਰਾਂਚ (ਏਕਿਊਆਈਐੱਸ) ਵੱਲੋਂ ਛੇ ਜੂਨ ਨੂੰ ਜਾਰੀ ਕੀਤਾ ਪੱਤਰ ਸਾਂਝਾ ਕੀਤਾ ਹੈ। ਪੱਤਰ ਵਿੱਚ ਅਲ ਕਾਇਦਾ ਨੇ ਕਿਹਾ ਹੈ ਕਿ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਟਿੱਪਣੀਆ ਦਾ ਬਦਲਾ ਲੈਣ ਲਈ ਭਾਰਤ ’ਚ ਆਤਮਘਾਤੀ ਹਮਲੇ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਦੀ ਤਰਜਮਾਨ ਵੱਲੋਂ ਇੱਕ ਟੀਵੀ ਪ੍ਰੋਗਰਾਮ ਦੌਰਾਨ ਪੈਗੰਬਰ ਮੁਹੰਮਦ ਬਾਰੇ ਕੀਤੀ ਗਈ ਟਿੱਪਣੀ ਤੋਂ ਬਾਅਦ ਇਹ ਮਾਮਲਾ ਭਖਿਆ ਹੋਇਆ ਹੈ। ਭਾਜਪਾ ਦੀ ਤਰਜਮਾਨ ਨੂਪੁਰ ਸ਼ਰਮਾ ਵੱਲੋਂ ਕੀਤੀ ਗਈ ਟਿੱਪਣੀ ਮਗਰੋਂ ਮੁਸਲਿਮ ਭਾਈਚਾਰੇ ’ਚ ਰੋਸ ਭੜਕ ਉੱਠਿਆ ਤੇ ਇਸਲਾਮਿਕ ਮੁਲਕਾਂ ਵੱਲੋਂ ਇਸ ਮਾਮਲੇ ’ਚ ਭਾਰਤ ਸਰਕਾਰ ਤੋਂ ਮੁਆਫੀ ਦੀ ਮੰਗ ਕੀਤੀ ਜਾ ਰਹੀ ਹੈ। ਨੂਪੁਰ ਸ਼ਰਮਾ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ ਪਾਰਟੀ ਦੇ ਇੱਕ ਹੋਰ ਬੁਲਾਰੇ ਨਵੀਨ ਕੁਮਾਰ ਜਿੰਦਲ ਜਿਸ ਨੇ ਸੋਸ਼ਲ ਮੀਡੀਆ ’ਤੇ ਇਸਲਾਮ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਟਿੱਪਣੀਆਂ ਕਰਨ ਵਾਲੇ ਭਾਜਪਾ ਦੇ ਇੱਕ ਯੂਥ ਆਗੂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 50 ਅਜਿਹੇ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ ਜੋ ਨੂਪੁਰ ਸ਼ਰਮਾ ਵੱਲੋਂ ਕੀਤੀ ਗਈ ਟਿੱਪਣੀ ਮਗਰੋਂ ਮੁਸਲਿਮ ਭਾਈਚਾਰੇ ’ਚ ਭੜਕਾਹਟ ਪੈਦਾ ਕਰਨ ਵਿੱਚ ਸ਼ਾਮਲ ਸਨ। ਮੋਦੀ ਸਰਕਾਰ ਵੱਲੋਂ ਪਾਰਟੀ ਦੇ ਸੀਨੀਅਰ ਮੈਂਬਰਾਂ ਨੂੰ ਜਨਤਕ ਮੰਚਾਂ ਤੋਂ ਧਾਰਮਿਕ ਮਸਲਿਆਂ ਬਾਰੇ ਬੋਲਣ ਸਮੇਂ ਬਹੁਤ ਚੌਕਸ ਰਹਿਣ ਲਈ ਕਿਹਾ ਗਿਆ ਹੈ। ਨੂਪੁਰ ਸ਼ਰਮਾ ਦੀ ਟਿੱਪਣੀ ਤੋਂ ਪੈਦਾ ਹੋਏ ਵਿਵਾਦ ਮਗਰੋਂ ਕਤਰ, ਸਾਊਦੀ ਅਰਬ, ਯੂਏਈ, ਓਮਾਨ, ਇੰਡੋਨੇਸ਼ੀਆ, ਮਲੇਸ਼ੀਆ, ਪਾਕਿਸਤਾਨ, ਇਰਾਨ ਤੇ ਅਫ਼ਗਾਨਿਸਤਾਨ ਸਣੇ ਕਈ ਇਸਲਾਮਿਕ ਮੁਲਕਾਂ ਵੱਲੋਂ ਨਵੀਂ ਦਿੱਲੀ ਤੋਂ ਮੁਆਫ਼ੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਆਪੋ-ਆਪਣੇ ਮੁਲਕਾਂ ਵਿਚਲੇ ਭਾਰਤੀ ਰਾਜਦੂਤਾਂ ਨੂੰ ਸੰਮਨ ਕੀਤੇ ਜਾ ਰਹੇ ਹਨ। -ਰਾਇਟਰਜ਼
ਗ੍ਰਹਿ ਮੰਤਰਾਲੇ ਵੱਲੋਂ ਜਨਤਕ ਇਕੱਠ ਤੇ ਮੁਜ਼ਾਹਰੇ ਨਾ ਹੋਣ ਦੇਣ ਦੇ ਨਿਰਦੇਸ਼
ਅਲ ਕਾਇਦਾ ਦੀ ਧਮਕੀ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਪੁਲੀਸ ਨੂੰ ਜਨਤਕ ਇਕੱਠ ਤੇ ਮੁਜ਼ਾਹਰੇ ਨਾ ਹੋਣ ਦੇਣ ਦੀ ਤਾਕੀਦ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਖੁਫੀਆ ਏਜੰਸੀਆਂ ਏਕਿਊਆਈਐੱਸ ਵੱਲੋਂ ਦਿੱਤੀ ਗਈ ਧਮਕੀ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੀਆਂ ਹਨ। ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ, ‘ਅਸੀਂ ਪੁਲੀਸ ਨੂੰ ਜਨਤਕ ਇਕੱਠ ਤੇ ਮੁਜ਼ਾਹਰੇ ਨਾ ਹੋਣ ਦੇਣੇ ਯਕੀਨੀ ਬਣਾਉਣ ਲਈ ਕਿਹਾ ਹੈ ਕਿਉਂਕਿ ਅਤਿਵਾਦੀ ਇਨ੍ਹਾਂ ਇਕੱਠਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।’
ਪੀਐੱਫਆਈ ਨਾਲ ਸਬੰਧਤ ਤਿੰਨ ਲੋਕ ਗ੍ਰਿਫ਼ਤਾਰ
ਕਾਨਪੁਰ, 8 ਜੂਨ
ਉੱਤਰ ਪ੍ਰਦੇਸ਼ ਪੁਲੀਸ ਨੇ ਕਾਨਪੁਰ ਹਿੰਸਾ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਪਾਪੂਲਰ ਫਰੰਟ ਆਫ਼ ਇੰਡੀਆ (ਪੀਐੱਫਆਈ) ਨਾਲ ਸਬੰਧਤ ਤਿੰਨ ਲੋਕਾਂ ਨੂੰ ਗ੍ਰਿਫ਼਼ਤਾਰ ਕੀਤਾ ਹੈ। ਇਸੇ ਦੌਰਾਨ ਕਾਨਪੁਰ ਹਿੰਸਾ ਨਾਲ ਸਬੰਧਤ ਗ੍ਰਿਫ਼ਤਾਰ ਕੀਤੇ ਲੋਕਾਂ ਦੀ ਕੁੱਲ ਗਿਣਤੀ 54 ਹੋ ਗਈ ਹੈ। ਪੁਲੀਸ ਅਨੁਸਾਰ ਪੀਐੱਫਆਈ ਨੇ ਦੰਗਾਕਾਰੀਆਂ ਨੂੰ ਭੜਕਾਇਆ ਤੇ ਇਹ ਦੰਗਾਕਾਰੀ ਕਾਨਪੁਰ ਹਿੰਸਾ ਦੇ ਮੁੱਖ ਸਾਜ਼ਿਸ਼ਘਾੜੇ ਹਯਾਤ ਜ਼ਫ਼ਰ ਹਾਸ਼ਮੀ ਨਾਲ ਜੁੜੇ ਹੋਏ ਸਨ। ਅੱਜ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਵਿਅਕਤੀ 2019 ਵਿੱਚ ਸੀਏਏ (ਨਾਗਰਿਕ ਸੋਧ ਐਕਟ) ਖ਼ਿਲਾਫ਼ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ ਵੀ ਸ਼ਾਮਲ ਸਨ। ਇਹ ਜਾਣਕਾਰੀ ਕਾਨਪੁਰ ਪੁਲੀਸ ਦੇ ਕਮਿਸ਼ਨਰ ਵਿਜੈ ਸਿੰਘ ਮੀਨਾ ਨੇ ਦਿੱਤੀ ਹੈ। -ਪੀਟੀਆਈ