ਨਵੀਂ ਦਿੱਲੀ, 19 ਮਈ
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਇਸ ਸਾਲ ਦੇ ਅਖ਼ੀਰ ਤੱਕ ਕੋਵਿਡ-19 ਰੋਕੂ ਵੈਕਸੀਨ ਦੀਆਂ 267 ਕਰੋੜ ਖ਼ੁਰਾਕਾਂ ਹਾਸਲ ਕਰ ਲਵੇਗਾ ਅਤੇ ਉਹ ਇਸ ਸਥਿਤੀ ਵਿੱਚ ਹੋਵੇਗਾ ਕਿ ਘੱਟ ਤੋਂ ਘੱਟ ਦੇਸ਼ ਦੀ ਪੂਰੀ ਬਾਲਗ ਆਬਾਦੀ ਨੂੰ ਇਹ ਵੈਕਸੀਨ ਲਗਾਈ ਜਾਵੇਗੀ। ਅਧਿਕਾਰਤ ਬਿਆਨ ਮੁਤਾਬਕ, ਵੈਕਸੀਨ ਦੀਆਂ 51 ਕਰੋੜ ਖੁਰਾਕਾਂ ਜੁਲਾਈ ਤੱਕ ਅਤੇ 216 ਕਰੋੜ ਹੋਰ ਖੁਰਾਕਾਂ ਅਗਸਤ ਅਤੇ ਦਸੰਬਰ ਦੌਰਾਨ ਪ੍ਰਾਪਤ ਹੋਣਗੀਆਂ। ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰੀ ਨੇ ਲੋਕਾਂ ਨੂੰ ਸਟੈਰਾਇਡ ਦਵਾਈਆਂ ਦੀ ਧੜਾ-ਧੜ ਅਤੇ ਵੱਧ ਤੋਂ ਵੱਧ ਵਰਤੋਂ ਸਬੰਧੀ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਕਿ ਇਲਾਜ ਪ੍ਰੋਟੋਕੋਲ ਦੀ ਉਲੰਘਣਾ ਕਾਰਨ ਦੇਸ਼ ਵਿੱਚ ਕਰੋਨਾ ਸਬੰਧੀ ਮੁਸ਼ਕਲ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਟੈਰਾਇਡ ਦਵਾਈਆਂ ਉਦੋਂ ਹੀ ਲਈਆਂ ਜਾਣੀਆਂ ਚਾਹੀਦੀਆਂ ਹਨ, ਜਦੋਂ ਵਿਅਕਤੀ ਨੂੰ ਆਕਸੀਜਨ ਸਬੰਧੀ ਸਮੱਸਿਆ ਹੋਵੇ। ਇਨ੍ਹਾਂ ਦਵਾਈਆਂ ਦੀ ਵਰਤੋਂ ਲਈ ਡਾਕਟਰਾਂ ਦੀ ਸਲਾਹ ਜ਼ਰੂਰੀ ਹੈ।