ਨਵੀਂ ਦਿੱਲੀ, 20 ਦਸੰਬਰ
ਓਮੀਕਰੋਨ ਦੇ ਵਧ ਰਹੇ ਖ਼ਤਰੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਹੈ ਕਿ ਸ਼ਹਿਰ ਵਿੱਚ ਕਰੋਨਾ ਦੇ ਮਿਲਣ ਵਾਲੇ ਸਾਰੇ ਨਵੇਂ ਪਾਜ਼ੇਟਿਵ ਕੇਸ ‘ਜੀਨੋਮ ਪੜਤਾਲ’ (ਲਾਗ ਦੀ ਕਿਸਮ ਦੀ ਪਛਾਣ) ਲਈ ਭੇਜੇ ਜਾਣਗੇ। ਉਨ੍ਹਾਂ ਨੇ ਕੇਂਦਰ ਇਹ ਅਪੀਲ ਵੀ ਕੀਤੀ ਸਿਹਤ ਵਰਕਰਾਂ ਅਤੇ ਹੋਰਨਾਂ ਵਾਸਤੇ ਬੂਸਟਰ ਡੋਜ਼ ਦੀ ਆਗਿਆ ਦਿੱਤੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਲਾਗ ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਨੂੰ ਲੈ ਕੇ ਖ਼ੌਫਜ਼ਦਾ ਹੋਣ ਦੀ ਲੋੜ ਨਹੀਂ ਹੈ। ਕੇਜਰੀਵਾਲ ਨੇ ਕਿਹਾ, ‘‘ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਕਰੋਨਾ ਦੇ ਕੇਸ ਵਧ ਰਹੇ ਹਨ। ਐਤਵਾਰ 100 ਤੋਂ ਵੱਧ ਕੇਸ ਮਿਲੇ। ਅਸੀਂ ਨਹੀ ਜਾਣਦੇ ਇਹ ਕੇਸ ਕਰੋਨਾ ਦਾ ਆਮ ਰੂਪ ਦੇ ਹਨ ਜਾਂ ਓਮੀਕਰੋਨ ਦੇ ਹਨ। ਇਸ ਕਰਕੇ ਪੁਸ਼ਟੀ ਲਈ ਅਸੀਂ ਸਾਰੇ ਕਰੋਨਾ ਪਾਜ਼ੇਟਿਵ ਕੇਸਾਂ ਦੇ ਨਮੂਨੇ ਜੀਨੋਮ ਪੜਤਾਲ ਲਈ ਭੇਜਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਦਿੱਲੀ ਦੀ ਕੈਬਨਿਟ ਵੱਲੋਂ ਸੋਮਵਾਰ ਨੂੰ ‘ਦਿੱਲੀ ਟੀਚਰਜ਼ ਯੂਨੀਵਰਸਿਟੀ’ ਸਥਾਪਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਯੂਨੀਵਰਸਿਟੀ ਵਿੱਚ 12ਵੀ ਕਲਾਸ ਤੋਂ ਬਾਅਦ ਚਾਰ ਸਾਲਾ ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ ਕਰਵਾਏ ਜਾਣਗੇ, ਜਿਸ ਵਿੱਚ ਬੀਏ ਤੇ ਬੀ.ਐੱਡ, ਬੀ.ਐੱਸਸੀ ਅਤੇ ਬੀ.ਐੱਡ, ਅਤੇ ਬੀ.ਕਾਮ ਅਤੇ ਬੀ.ਐੱਡ ਕੋਰਸ ਸ਼ਾਮਲ ਹਨ। ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ, ‘‘ਅੱਜ ਕੈਬਨਿਟ ਵਲੋਂ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਸਬੰਧ ਵਿੱਚ ਬਿੱਲ ਦਿੱਲੀ ਅਸੰਬਲੀ ਦੇ ਅਗਲੇ ਸੈਸ਼ਨ ਦੌਰਾਨ ਲਿਆਂਦਾ ਜਾਵੇਗਾ।’’ ਕੋਰਸਾਂ ਵਿੱਚ ਦਾਖਲਾ ਲੈਣ ਵਾਲਿਆਂ ਦੀ ਟਰੇਨਿੰਗ ਦੇ ਲਿਹਾਜ਼ ਤੋਂ ਇਹ ਯੂਨੀਵਰਸਿਟੀ ਦਿੱਲੀ ਦੇ ਸਰਕਾਰ ਸਕੂਲਾਂ ਨਾਲ ਜੁੜੀ ਹੋਵੇਗੀ। ਇਸੇ ਦੌਰਾਨ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਸ਼ਹਿਰ ਵਿੱਚ ਮੁਫ਼ਤ ਰਾਸ਼ਨ ਵੰਡ ਸਕੀਮ ਛੇ ਮਹੀਨੇ ਹੋਰ 31 ਮਈ 2022 ਤੱਕ ਚਲਾਉਣ ਦਾ ਫ਼ੈਸਲਾ ਵੀ ਕੀਤਾ ਹੈ। -ਪੀਟੀਆਈ