ਨਵੀਂ ਦਿੱਲੀ, 16 ਜੁਲਾਈ
ਮੌਨਸੂਨ ਸੈਸ਼ਨ ਤੋਂ ਪਹਿਲਾਂ ਅੱਜ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੱਲੋਂ ਸਰਬ-ਪਾਰਟੀ ਮੀਟਿੰਗ ਕੀਤੀ ਗਈ। ਇਸ ਦੌਰਾਨ ਸਪੀਕਰ ਨੇ ਸਦਨ ਦੀ ਕਾਰਵਾਈ ਸ਼ਿਸ਼ਟਾਚਾਰ ਤੇ ਅਨੁਸ਼ਾਸਨ ਨਾਲ ਚਲਾਉਣ ਲਈ ਸਾਰੀਆਂ ਪਾਰਟੀਆਂ ਕੋਲੋਂ ਸਹਿਯੋਗ ਮੰਗਿਆ। ਉਧਰ, ਵਿਰੋਧੀ ਧਿਰ ਵੱਲੋਂ ਸਦਨ ਵਿੱਚ ਅਗਨੀਪਥ ਯੋਜਨਾ, ਬੇਰੁਜ਼ਗਾਰੀ ਅਤੇ ਕਿਸਾਨਾਂ ਦੇ ਮੁੱਦਿਆਂ ’ਤੇ ਚਰਚਾ ਕਰਵਾਉਣ ਦੀ ਮੰਗ ਕੀਤੀ ਗਈ। ਸੋਮਵਾਰ ਨੂੰ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਅੱਜ ਸੱਦੀ ਸਰਬ ਪਾਰਟੀ ਵਿੱਚ ਸ੍ਰੀ ਬਿਰਲਾ ਨੇ ਆਗੂਆਂ ਨੂੰ ਸੈਸ਼ਨ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।
ਬਾਅਦ ਵਿੱਚ ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਦਨ ਦੀ ਕਾਰਵਾਈ ਮਰਿਆਦਾ ਨਾਲ ਚਲਾਉਣ ’ਚ ਪੂਰਾ ਸਹਿਯੋਗ ਦੇਣਗੇ। ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਜਿਵੇਂ ਕਿ ਤ੍ਰਿਣਮੂਲ ਕਾਂਗਰਸ, ਟੀਆਰਐੱਸ, ਸ਼ਿਵ ਸੈਨਾ, ਐੱਨਸੀਪੀ, ਬਸਪਾ, ਸਮਾਜਵਾਦੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਖੱਬੀਆਂ ਪਾਰਟੀਆਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਨਹੀਂ ਕੀਤੀ। ਬੀਜੇਡੀ ਦਾ ਵੀ ਕੋਈ ਨੁਮਾਇੰਦਾ ਮੀਟਿੰਗ ’ਚ ਹਾਜ਼ਰ ਨਹੀਂ ਸੀ। ਹਾਲਾਂਕਿ, ਕਾਂਗਰਸ ਤੇ ਇਸ ਦੀਆਂ ਭਾਈਵਾਲ ਪਾਰਟੀਆਂ ਡੀਐੱਮਕੇ ਤੇ ਆਈਯੂਐੱਮਐੱਲ ਨੇ ਮੀਟਿੰਗ ’ਚ ਹਾਜ਼ਰੀ ਭਰੀ। ਕਾਂਗਰਸ ਵੱਲੋਂ ਅਧੀਰ ਰੰਜਨ ਚੌਧਰੀ ਤੇ ਡੀਐੱਮਕੇ ਵੱਲੋਂ ਟੀ.ਆਰ. ਬਾਲੂ ਮੀਟਿੰਗ ’ਚ ਸ਼ਾਮਲ ਹੋਏ।
ਮੀਟਿੰਗ ਤੋਂ ਬਾਅਦ ਸਪੀਕਰ ਨੇ ਟਵੀਟ ਕੀਤਾ ਕਿ ਸੈਸ਼ਨ ਦੌਰਾਨ ਜਨ ਹਿੱਤ ਦੇ ਮੁੱਦਿਆਂ ’ਤੇ ਵਿਆਪਕ ਪੱਧਰ ’ਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਬਿਰਲਾ ਨੇ ਮੈਂਬਰਾਂ ਨੂੰ ਦੱਸਿਆ ਕਿ ਸੈਸ਼ਨ ਲਈ 14 ਪੈਂਡਿੰਗ ਬਿੱਲ ਤੇ 24 ਨਵੇਂ ਬਿੱਲ ਸੂਚੀਬੱਧ ਕੀਤੇ ਗਏ ਹਨ। ਸੈਸ਼ਨ ਦੌਰਾਨ 18 ਬੈਠਕਾਂ ਹੋਣਗੀਆਂ। ਕੁੱਲ 108 ਘੰਟਿਆਂ ’ਚੋਂ 62 ਘੰਟੇ ਸਰਕਾਰੀ ਕੰਮਕਾਜ ਲਈ ਹੋਣਗੇ। ਬਾਕੀ ਸਮਾਂ ਪ੍ਰਸ਼ਨਕਾਲ, ਸਿਫ਼ਰ ਕਾਲ ਅਤੇ ਨਿੱਜੀ ਮੈਂਬਰਾਂ ਲਈ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਕੋਵਿਡ ਨੇਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। -ਪੀਟੀਆਈ
ਅਗਨੀਪਥ ਤੇ ਕਿਸਾਨਾਂ ਦੇ ਮੁੱਦਿਆਂ ਉੱਤੇ ਚਰਚਾ ਦੀ ਮੰਗ ਕੀਤੀ: ਅਧੀਰ ਰੰਜਨ ਚੌਧਰੀ
ਨਵੀਂ ਦਿੱਲੀ: ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਸਪੀਕਰ ਵੱਲੋਂ ਅੱਜ ਇੱਥੇ ਸੱਦੀ ਸਰਬ-ਪਾਰਟੀ ਮੀਟਿੰਗ ਤੋਂ ਬਾਅਦ ਕਿਹਾ ਕਿ ਵਿਰੋਧੀ ਧਿਰ ਨੇ ਸੰਸਦ ਦੇ ਆਗਾਮੀ ਮੌਨਸੂਨ ਸੈਸ਼ਨ ਵਿੱਚ ਅਗਨੀਪਥ ਫ਼ੌਜ ਭਰਤੀ ਯੋਜਨਾ, ਬੇਰੁਜ਼ਗਾਰੀ ਅਤੇ ਕਿਸਾਨਾਂ ਦੇ ਮੁੱਦਿਆਂ ’ਤੇ ਚਰਚਾ ਕਰਵਾਉਣ ਦੀ ਮੰਗ ਕੀਤੀ ਹੈ। -ਪੀਟੀਆਈ