ਨਵੀਂ ਦਿੱਲੀ, 18 ਜੁਲਾਈ
ਸਰਕਾਰ ਨੇ ਮੌਨਸੂਨ ਇਜਲਾਸ ਤੋਂ ਪਹਿਲਾਂ ਵੱਖ ਵੱਖ ਮਸਲਿਆਂ ’ਤੇ ਚਰਚਾ ਲਈ ਬੁੱਧਵਾਰ ਨੂੰ ਸਰਬ ਪਾਰਟੀ ਮੀਟਿੰਗ ਸੱਦੀ ਹੈ। ਮੌਨਸੂਨ ਇਜਲਾਸ 20 ਜੁਲਾਈ ਤੋਂ ਸ਼ੁਰੂ ਹੋਵੇਗਾ ਤੇ ਇਜਲਾਸ ਦੀ ਪੂਰਬਲੀ ਸੰਧਿਆ ਹੋਣ ਵਾਲੀ ਮੀਟਿੰਗ ਰਸਮੀ ਬੈਠਕ ਹੈ, ਜਿਸ ਵਿਚ ਵੱਖ ਵੱਖ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਸਰਕਾਰ ਦੇ ਸੀਨੀਅਰ ਮੰਤਰੀ ਸ਼ਾਮਲ ਹੋਣਗੇ। ਅਜਿਹੀਆਂ ਕਈ ਮੀਟਿੰਗਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਿਰਕਤ ਕਰਦੇ ਰਹੇ ਹਨ। ਰਾਜ ਸਭਾ ਦੇ ਚੇਅਰਪਰਸਨ ਜਗਦੀਪ ਧਨਖੜ ਨੇ ਅਜਿਹੀ ਹੀ ਇਕ ਸਰਬ ਪਾਰਟੀ ਮੀਟਿੰਗ ਮੰਗਲਵਾਰ ਲਈ ਸੱਦੀ ਸੀ, ਪਰ ਕਈ ਪਾਰਟੀਆਂ ਦੇ ਆਗੂਆਂ ਦੀ ਗੈਰ-ਉਪਲਬਧਤਾ ਕਰਕੇ ਮੀਟਿੰਗ ਮੁਲਤਵੀ ਕਰਨੀ ਪਈ ਸੀ। ਉਂਜ ਵੀਰਵਾਰ ਤੋਂ ਸ਼ੁਰੂ ਹੋ ਰਹੇ ਮੌਨਸੂਨ ਇਜਲਾਸ ਦੇ ਹੰਗਾਮਾਖੇਜ਼ ਰਹਿਣ ਦੇ ਆਸਾਰ ਹਨ। ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਮੋਦੀ ਸਰਕਾਰ ਨੂੰ ਮਨੀਪੁਰ ਸੰਕਟ ਤੋਂ ਇਲਾਵਾ ਮਹਿੰਗਾਈ ਤੇ ਕਥਿਤ ਜਾਂਚ ਏਜੰਸੀਆਂ ਦੀ ਦੁਰਵਰਤੋਂ ਜਿਹੇ ਮੁੱਦਿਆਂ ’ਤੇ ਘੇਰ ਸਕਦੀਆਂ ਹਨ। ਚੇਤੇ ਰਹੇ ਕਿ ਸੱਤਾ ਧਿਰ ਤੇ ਵਿਰੋਧੀ ਧਿਰ ਦਰਮਿਆਨ ਬਣੇ ਜਮੂਦ ਕਰਕੇ ਪਿਛਲਾ ਬਜਟ ਇਜਲਾਸ ਵੀ ਹੰਗਾਮਾਖੇਜ਼ ਰਿਹਾ ਸੀ ਤੇ ਸੰਸਦੀ ਕਾਰਵਾਈ ਸ਼ੋਰ-ਸ਼ਰਾਬੇ ਦੀ ਭੇਟ ਚੜ੍ਹ ਗਈ ਸੀ। -ਪੀਟੀਆਈ