ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੰਮੂ ਕਸ਼ਮੀਰ ਵਿਚ ਲਾਗੂ ਕੀਤੇ ਜਾ ਰਹੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦਾ ਸਰਬਪੱਖੀ ਵਿਕਾਸ ਤੇ ਭਲਾਈ ਹੀ ਮੋਦੀ ਸਰਕਾਰ ਦੀ ਪਹਿਲ ਹੈ। ਸ੍ਰੀ ਸ਼ਾਹ ਨੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ 90 ਫ਼ੀਸਦ ਤੱਕ ਜੰਮੂ ਕਸ਼ਮੀਰ ’ਚ ਪਹੁੰਚਣ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਚਾਰ ਜ਼ਿਲ੍ਹਿਆਂ ’ਚ 100 ਫ਼ੀਸਦ ਅਤੇ ਯੂਟੀ ਦੀ ਕੁੱਲ ਆਬਾਦੀ ’ਚੋਂ 76 ਫ਼ੀਸਦ ਦਾ ਟੀਕਾਕਰਨ ਕਰਨ ’ਤੇ ਉਪ ਰਾਜਪਾਲ ਮਨੋਜ ਸਿਨਹਾ ਨੂੰ ਵਧਾਈ ਦਿੱਤੀ। ਗ੍ਰਹਿ ਮੰਤਰਾਲੇ ਦੇ ਇਕ ਬਿਆਨ ਅਨੁਸਾਰ ਸ੍ਰੀ ਸ਼ਾਹ ਨੇ ‘ਪਾਰਦਰਸ਼ਤਾ ਨਾਲ ਵਿਕਾਸ’ ਦੇ ਨਾਅਰੇ ਤਹਿਤ ਜੰਮੂ ਕਸ਼ਮੀਰ ਵਿਚ ਲਾਗੂ ਕੀਤੇ ਜਾ ਰਹੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ। -ਪੀਟੀਆਈ