ਮੁੰਬਈ, 21 ਮਾਰਚ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਬੰਬੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਕਵੀ ਅਤੇ ਕਾਰਕੁਨ ਵਰਵਰਾ ਰਾਓ ਵੱਲੋਂ ਪੱਕੀ ਮੈਡੀਕਲ ਜ਼ਮਾਨਤ ਲਈ ਦਾਖ਼ਲ ਅਰਜ਼ੀ ਨੂੰ ਰੱਦ ਕਰ ਦੇਵੇ। ਐਲਗਾਰ ਪਰਿਸ਼ਦ ਮਾਓਵਾਦੀਆਂ ਨਾਲ ਸਬੰਧਾਂ ਦੇ ਦੋਸ਼ ਹੇਠ ਵਰਵਰਾ ਰਾਓ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਨਆਈਏ ਨੇ ਕਿਹਾ ਕਿ ਵਰਵਰਾ ਰਾਓ ਖ਼ਿਲਾਫ਼ ਦੋਸ਼ ਬਹੁਤ ਹੀ ਗੰਭੀਰ ਹਨ ਅਤੇ ਜੇਕਰ ਇਹ ਸਾਬਿਤ ਹੋ ਗਏ ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ। ਐੱਨਆਈਏ ਵੱਲੋਂ ਪੇਸ਼ ਹੋਏ ਵਧੀਕ ਸੌਲਿਸਟਰ ਜਨਰਲ ਅਨਿਲ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਕਿ ਰਾਓ (83) ਵੱਡੀ ਉਮਰ ਦੀਆਂ ਬਿਮਾਰੀਆਂ ਤੋਂ ਪੀੜਤ ਜਾਪਦੇ ਹਨ ਅਤੇ ਜਾਂਚ ਏਜੰਸੀ ਇਹ ਹਲਫ਼ਨਾਮਾ ਦੇਣ ਲਈ ਤਿਆਰ ਹੈ ਕਿ ਉਨ੍ਹਾਂ ਨੂੰ ਜੇਲ੍ਹ ਜਾਂ ਸਰਕਾਰੀ ਹਸਪਤਾਲ ’ਚ ਲੋੜੀਂਦੀ ਮੈਡੀਕਲ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘‘ਹੁਣ ਉਹ ਬਿਲਕੁਲ ਤੰਦਰੁਸਤ ਹਨ ਤਾਂ ਫਿਰ ਪੱਕੀ ਮੈਡੀਕਲ ਜ਼ਮਾਨਤ ਦਾ ਸਵਾਲ ਕਿੱਥੋਂ ਪੈਦਾ ਹੁੰਦਾ ਹੈ? ਕੀ ਇਸ ਦਾ ਇਹ ਮਤਲਬ ਹੈ ਕਿ ਕੇਸ ਖ਼ਤਮ ਹੋਣ ਤੱਕ ਉਹ ਜ਼ਮਾਨਤ ’ਤੇ ਰਹਿਣਗੇ।’’ ਬੈਂਚ ਨੇ ਸੀਆਰਪੀਸੀ ਦੀ ਧਾਰਾ 437 ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁਲਜ਼ਮ ਵਿਅਕਤੀ ਦੇ ਬਿਮਾਰ ਹੋਣ ਸਮੇਤ ਵਿਸ਼ੇਸ਼ ਹਾਲਾਤ ’ਚ ਪੱਕੀ ਜ਼ਮਾਨਤ ਦਿੱਤੀ ਜਾ ਸਕਦੀ ਹੈ। ਰਾਓ ਦੇ ਵਕੀਲ ਆਨੰਦ ਗਰੋਵਰ ਨੇ ਕਿਹਾ ਕਿ ਤੇਲਗੂ ਕਵੀ ’ਚ ਪਾਰਕਿਨਸਨ ਰੋਗ ਦੇ ਲੱਛਣ ਮਿਲੇ ਹਨ ਅਤੇ ਖੂਨ ਦਾ ਥੱਕਾ ਜੰਮਣ ਦਾ ਵੀ ਖ਼ਤਰਾ ਹੈ। -ਪੀਟੀਆਈ