ਨਵੀਂ ਦਿੱਲੀ/ਜਬਲਪੁਰ, 12 ਮਾਰਚ
ਦਿੱਲੀ ਤੋਂ 55 ਯਾਤਰੀਆਂ ਨੂੰ ਲੈ ਕੇ ਉਡਾਣ ਭਰਨ ਵਾਲਾ ਅਲਾਇੰਸ ਏਅਰ ਦਾ ਹਵਾਈ ਜਹਾਜ਼ ਅੱਜ ਬਾਅਦ ਦੁਪਹਿਰ ਜਬਲਪੁਰ ਹਵਾਈ ਅੱਡੇ ’ਤੇ ਉਤਰਨ ਵੇਲੇ ਰਨਵੇਅ ਤੋਂ ਹੇਠਾਂ ਉਤਰ ਗਿਆ। ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਨੂੰ ਕੰਟਰੋਲ ਕਰਨ ਵਾਲੇ ਡਾਇਰੈਕਟਰ ਜਨਰਲ ਸ਼ਹਿਰੀ ਹਵਾਬਾਜ਼ੀ (ਡੀਜੀਸੀਏ) ਨੇ ਦਿੱਤੀ। ਇਸ ਹਾਦਸੇ ਵਿੱਚ ਕੋਈ ਯਾਤਰੀ ਜਾਂ ਹਵਾਈ ਜਹਾਜ਼ ਦੇ ਅਮਲੇ ਦਾ ਕੋਈ ਮੈਂਬਰ ਮੈਂਬਰ ਜ਼ਖ਼ਮੀ ਨਹੀਂ ਹੋਇਆ ਹੈ। ਡੀਜੀਸੀਏ ਨੇ ਇਸ ਸਬੰਧ ਵਿਚ ਜਾਂਚ ਆਰੰਭ ਦਿੱਤੀ ਹੈ।
ਡੀਜੀਸੀਏ ਦੇ ਅਧਿਕਾਰੀਆਂ ਨੇ ਕਿਹਾ ਕਿ ਅਲਾਇੰਸ ਏਅਰ ਦੇ ਏਟੀਆਰ-72 ਹਵਾਈ ਜਹਾਜ਼ ਨੇ ਦਿੱਲੀ ਤੋਂ 55 ਯਾਤਰੀਆਂ ਨੂੰ ਲੈ ਕੇ ਜਬਲਪੁਰ ਲਈ ਉਡਾਣ ਭਰੀ। ਇਸ ਉਡਾਣ ਵਿਚ ਜਹਾਜ਼ ਦੇ ਅਮਲੇ ਦੇ ਪੰਜ ਮੈਂਬਰ ਵੀ ਸ਼ਾਮਲ ਸਨ। ਜਬਲਪੁਰ ਵਿਚ ਉਤਰਨ ਵੇਲੇ ਇਹ ਜਹਾਜ਼ ਰਨਵੇਅ ਤੋਂ ਹੇਠਾਂ ਉਤਰ ਗਿਆ। ਹਾਲਾਂਕਿ, ਇਸ ਹਾਦਸੇ ਵਿਚ ਕਿਸੇ ਯਾਤਰੀ ਜਾਂ ਜਹਾਜ਼ ਦੇ ਅਮਲੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਦੁਮਨਾ ਹਵਾਈ ਅੱਡਾ ਜਿੱਥੇ ਇਹ ਹਾਦਸਾ ਵਾਪਰਿਆ, ਜਬਲਪੁਰ ਸ਼ਹਿਰ ਤੋਂ ਕਰੀਬ 21 ਕਿਲੋਮੀਟਰ ਦੂਰ ਹੈ। ਹਵਾਈ ਅੱਡੇ ਦੇ ਡਾਇਰੈਕਟਰ ਕੁਸੁਮ ਦਾਸ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਾਦਸੇ ਮਗਰੋਂ ਹਵਾਈ ਅੱਡੇ ਵਿਖੇ ਚਾਰ ਤੋਂ ਪੰਜ ਘੰਟੇ ਤੱਕ ਉਡਾਣਾਂ ਦਾ ਸੰਚਾਲਨ ਬੰਦ ਰਿਹਾ। -ਪੀਟੀਆਈ