ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਨੂੰ ਆਪਣੇ ਭੰਡਾਰ ’ਚੋਂ ਉਨ੍ਹਾਂ ਮੁਲਕਾਂ ਨੂੰ ਅਨਾਜ ਭੇਜਣ ਦੀ ਇਜਾਜ਼ਤ ਦੇਵੇ ਜੋ ਖੁਰਾਕੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਬਾਲੀ (ਇੰਡੋਨੇਸ਼ੀਆ) ’ਚ ਜੀ-20 ਮੁਲਕਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਬੈਠਕ ਦੌਰਾਨ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਤਾਰਾਮਨ ਨੇ ਕਿਹਾ,‘‘ਡਬਲਿਊਟੀਓ ਸਰਕਾਰੀ ਖ਼ਰੀਦ ਵਾਲੇ ਅਨਾਜ ’ਤੇ ਪਾਬੰਦੀ ਲਗਾਉਂਦਾ ਹੈ ਜਿਸ ਨੂੰ ਬਰਾਮਦ ਲਈ ਨਹੀਂ ਭੇਜਿਆ ਜਾ ਸਕਦਾ ਹੈ। ਅਸੀਂ ਵਾਰ ਵਾਰ ਆਖਦੇ ਆ ਰਹੇ ਹਾਂ ਕਿ ਵਾਧੂ ਅਨਾਜ ਨੂੰ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ।’’ ਉਨ੍ਹਾਂ ਕਿਹਾ ਕਿ ਭੋਜਨ, ਈਂਧਣ ਅਤੇ ਖਾਦਾਂ ਜਨਤਕ ਵਸਤਾਂ ਹਨ ਅਤੇ ਇਹ ਵਿਕਾਸਸ਼ੀਲ ਤੇ ਉਭਰ ਰਹੇ ਅਰਥਚਾਰਿਆਂ ਤੱਕ ਪਹੁੰਚਾਉਣਾ ਅਹਿਮ ਹੈ। ਉਨ੍ਹਾਂ ਭਾਰਤ ’ਚ ਸ਼ੁਰੂ ਕੀਤੀ ਗਈ ‘ਇਕ ਰਾਸ਼ਟਰ ਇਕ ਰਾਸ਼ਨ ਕਾਰਡ’ ਯੋਜਨਾ ਜਿਹੇ ਪ੍ਰੋਗਰਾਮਾਂ ਦਾ ਜ਼ਿਕਰ ਵੀ ਕੀਤਾ। -ਪੀਟੀਆਈ