ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦਾਅਵਾ ਕੀਤਾ ਕਿ ਅਲਪਨ ਬੰਦੋਪਾਧਿਆਏ ਹੁਣ ਬੰਦ ਹੋ ਚੁੱਕਾ ਅਧਿਆਇ ਹੈ, ਪਰ ਉਨ੍ਹਾਂ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਸੂਬੇ ਦੇ ਸਾਬਕਾ ਮੁੱਖ ਸਕੱਤਰ ਦੇ ਨਾਲ ਖੜ੍ਹੇਗਾ। ਜ਼ਿਕਰਯੋਗ ਹੈ ਕਿ ਬੰਦੋਪਾਧਿਆਏ ਨੇ ਕੇਂਦਰ ਸਰਕਾਰ ਲਈ ਕੰਮ ਕਰਨ ਤੋਂ ਪਾਸਾ ਵੱਟ ਲਿਆ ਸੀ ਤੇ ਇਸ ’ਤੇ ਕਾਫ਼ੀ ਹੰਗਾਮਾ ਹੋ ਚੁੱਕਾ ਹੈ। ਮਮਤਾ ਨੇ ਕਿਹਾ ਕਿ ਅਲਪਨ ਦੇ ਆਲੇ-ਦੁਆਲੇ ਜੋ ਵੀ ਵਾਪਰੇਗਾ, ਸਰਕਾਰ ਉਨ੍ਹਾਂ ਦੇ ਹੱਕ ਵਿਚ ਹਰ ਥਾਂ ਖੜ੍ਹੇਗੀ। ਬੰਦੋਪਾਧਿਆਏ 31 ਮਈ ਨੂੰ ਸੇਵਾਮੁਕਤ ਹੋਣ ਵਾਲੇ ਸਨ, ਪਰ ਸੂਬੇ ਨੇ ਹਾਲ ਹੀ ਵਿਚ ਉਨ੍ਹਾਂ ਦੇ ਸੇਵਾਕਾਲ ਵਿਚ ਤਿੰਨ ਮਹੀਨੇ ਦਾ ਵਾਧਾ ਕਰਨ ਦੀ ਮੰਗ ਕੀਤੀ ਸੀ ਕਿਉਂਕਿ ਅਧਿਕਾਰੀ ਨੇ ਕੋਵਿਡ ਨਾਲ ਨਜਿੱਠਣ ਦੇ ਮਾਮਲੇ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਲ ਹੀ ਵਿਚ ਚੱਕਰਵਾਤੀ ਤੂਫ਼ਾਨ ਸਬੰਧੀ ਕੀਤੇ ਗਏ ਬੰਗਾਲ ਦੇ ਦੌਰੇ ਦੌਰਾਨ ਇਕ ਬੈਠਕ ਕੀਤੀ ਗਈ ਸੀ ਜਿਸ ਵਿਚ ਮੁੱਖ ਮੰਤਰੀ ਤੇ ਮੁੱਖ ਸਕੱਤਰ ਨੇ ਹਿੱਸਾ ਨਹੀਂ ਲਿਆ ਸੀ। ਨੌਕਰਸ਼ਾਹ ਨੇ ਦਿੱਲੀ ਰਿਪੋਰਟ ਕਰਨ ਦੀ ਬਜਾਏ ਕੇਂਦਰ ਤੇ ਸੂਬੇ ਦੀ ਖਿੱਚੋਤਾਣ ’ਚ ਫਸਣ ਤੋਂ ਪਾਸਾ ਵੱਟ ਲਿਆ ਤੇ ਸੇਵਾਮੁਕਤੀ ਲੈ ਲਈ ਸੀ। ਹੁਣ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ